ਸਰਕਾਰ ’ਤੇ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਨ ਦੇ ਲਗਾਏ ਦੋਸ਼
ਆਂਗਣਵਾੜੀ ਵਰਕਰਾਂ ਨੂੰ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਡਿਊਟੀਆਂ ਲਾ ਕੇ ਕੀਤਾ ਜਾ ਰਿਹਾ ਪ੍ਰੇਸ਼ਾਨ
Publish Date: Thu, 23 Apr 2026 03:49 PM (IST)
Updated Date: Fri, 24 Apr 2026 04:01 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਦੀਆਂ ਡਿਊਟੀਆਂ ਵੱਖ-ਵੱਖ ਸਕੀਮਾਂ ਵਿਚ ਵੱਖ-ਵੱਖ ਵਿਭਾਗਾਂ ਦੇ ਕੰਮਾਂ ਵਿਚ ਲਾਈਆਂ ਜਾ ਰਹੀਆਂ ਹਨ ਜਿਵੇਂ ਡਰੱਗ ਸਰਵੇ, ਆਰਥਿਕ ਜਨਗਣਨਾ, ਮੇਨ ਜਨਗਣਨਾ, (ਸੈਂਸਸ) ਵਿਚ ਡਿਊਟੀ ਲਾਈ ਜਾ ਰਹੀ ਹੈ ਜਦਕਿ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਵਿਚ ਆਂਗਣਵਾੜੀ ਵਰਕਰਾਂ ਨੂੰ ਪਹਿਲਾਂ ਤੋਂ ਹੀ ਝੋਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਵਿਭਾਗ ਦੀ ਮੰਤਰੀ ਬਲਜੀਤ ਕੌਰ ਵਿਧਾਨ ਸਭਾ ਵਿਚ ਬਿਆਨ ਦਿੰਦੇ ਹਨ ਕਿ ਆਂਗਣਵਾੜੀ ਵਰਕਰ ਸਿਰਫ ਚਾਰ ਘੰਟੇ ਕੰਮ ਕਰਦੀਆਂ ਹਨ ਅਤੇ ਇਹ ਸੋਸ਼ਲ ਵਰਕਰ ਹਨ ਅਤੇ ਮਾਨਭੱਤੇ ’ਤੇ ਕੰਮ ਕਰਦੇ ਹਨ। ਇਨ੍ਹਾਂ ਨੂੰ ਘੱਟੋ ਘੱਟ ਉਜਰਤਾਂ ਵੀ ਨਹੀਂ ਦਿੱਤੀਆਂ ਜਾ ਸਕਦੀਆਂ। ਦੂਜੇ ਪਾਸੇ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਚਿੱਠੀਆਂ ਕੱਢ ਕੇ ਵੱਖ-ਵੱਖ ਤਰ੍ਹਾਂ ਦੀਆਂ ਡਿਊਟੀਆਂ ਲਾ ਰਹੀ ਹੈ ਅਤੇ ਇਕ ਚਿੱਠੀ ਕੱਢੀ ਗਈ ਹੈ ਕਿ ਆਂਗਣਵਾੜੀ ਵਰਕਰ ਐਤਵਾਰ ਵੀ ਛੁੱਟੀ ਨਹੀਂ ਕਰਨਗੀਆਂ। ਉਹ ਮਾਵਾਂ ਧੀਆਂ ਯੋਜਨਾ ਦੇ ਸਤਿਕਾਰ ਯੋਜਨਾ ਦੇ ਵਿਚ ਫਾਰਮ ਭਰਨ ਗਈਆਂ। ਕੀ ਸਰਕਾਰ ਇਸ ਗੱਲ ’ਤੇ ਜਵਾਬ ਦੇਵੇਗੀ ਕਿ ਆਂਗਣਵਾੜੀ ਵਰਕਰਾਂ ਹੁਣ ਸਰਕਾਰੀ ਕਰਮਚਾਰੀ ਦੀ ਤਰ੍ਹਾਂ ਕੰਮ ਕਰ ਰਹੀਆਂ ਹਨ ਕਿ ਉਹ ਮਾਣ ਭੱਤੇ ’ਤੇ ਕੰਮ ਕਰਦੀਆਂ ਹਨ। ਉਨ੍ਹਾਂ ਦੀਆਂ ਡਿਊਟੀਆਂ ਕਿਉਂ ਲਾਈਆਂ ਜਾ ਰਹੀਆਂ ਹਨ, ਨਾਲ ਹੀ ਜੋ ਮਾਵਾਂ ਧੀਆਂ ਸਕੀਮ ਹੈ, ਉਸ ਲਈ ਚਿੱਠੀ ਕੱਢੀ ਹੈ ਕਿ ਜੇਕਰ ਆਂਗਣਵਾੜੀ ਵਰਕਰ ਨੇ ਸਖੀ ਦੇ ਕੋਡ ਨੰਬਰ ਤੋਂ ਬਿਨਾਂ ਕੋਈ ਫਾਰਮ ਆਪਣੇ ਆਪ ਭਰ ਦਿੱਤਾ ਤਾਂ ਉਸਨੂੰ ਆਂਗਣਵਾੜੀ ਵਰਕਰ ਨੂੰ 25 ਰੁਪਏ ਵੀ ਨਹੀਂ ਦਿੱਤੇ ਜਾਣਗੇ, ਆਂਗਣਵਾੜੀ ਵਰਕਰ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਜੋ ਆਮ ਆਦਮੀ ਪਾਰਟੀ ਦੀ ਵਲੰਟੀਅਰ ਔਰਤ ਜਿਸ ਨੂੰ ਸਤਿਕਾਰ ਸਖੀ ਦਾ ਨਾਮ ਦਿੱਤਾ ਗਿਆ ਹੈ ਉਸ ਦੇ ਕਹਿਣ ’ਤੇ ਹੀ ਔਰਤ ਦਾ ਫਾਰਮ ਭਰੇ। ਉਨ੍ਹਾਂ ਕਿਹਾ ਕਿ ਸਰਕਾਰ ਸਖੀ ਨੂੰ 300 ਰੁਪਏ ਪ੍ਰਤੀ ਲਾਭਪਾਤਰੀ ਆਂਗਣਵਾੜੀ ਵਰਕਰ ਨੂੰ 25 ਰੁਪਏ ਪ੍ਰਤੀ ਲਾਭਪਾਤਰੀ ਅਤੇ ਹੈਲਪ ਕਰਨ ਨੂੰ ਕੁਝ ਵੀ ਨਹੀਂ ਦੇ ਰਹੀ । ਉਨ੍ਹਾਂ ਕਿਹਾ ਕਿ ਸਰਕਾਰ ਸਤਿਕਾਰ ਸਖੀ ਤੋਂ ਹੀ ਫਾਰਮ ਭਰਾ ਲਵੇ ਤੇ ਉਸਨੂੰ ਹੀ 25 ਰੁਪਏ ਦੇ ਦੇਵੇ। ਆਂਗਣਵਾੜੀ ਵਰਕਰ ਇਹ ਕੰਮ ਨਹੀਂ ਕਰਨਗੀਆਂ। ਪੰਜਾਬ ਸਰਕਾਰ ਵਰਕਰਾਂ ਨਾਲ ਬਹੁਤ ਧੱਕੇਸ਼ਾਹੀ ਕਰ ਰਹੀ ਹੈ, ਜਿਸ ਦਾ ਜਥੇਬੰਦੀ ਵਿਰੋਧ ਕਰਦੀ ਹੈ। ਜੇਕਰ ਸਰਕਾਰ ਨੇ ਧੱਕਾ ਬੰਦ ਨਾ ਕੀਤਾ ਤਾਂ ਜਥੇਬੰਦੀ ਵੱਲੋਂ ਡਾਇਰੈਕਟਰ ਦਫਤਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।