ਡਾ. ਬਲਵੀਰ ਸਕੂਲ 'ਚ ਵਿਸ਼ਵ ਧਰਤੀ ਦਿਵਸ ਮਨਾਇਆ
ਡਾ. ਬਲਵੀਰ ਸਕੂਲ 'ਚ ਵਿਸ਼ਵ ਧਰਤੀ ਦਿਵਸ ਮਨਾਇਆ
Publish Date: Thu, 23 Apr 2026 03:39 PM (IST)
Updated Date: Fri, 24 Apr 2026 04:01 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਇਲਾਕੇ ਵਿਚ ਵਿਸ਼ੇਸ਼ ਨਾਮਣਾ ਖੱਟ ਰਹੇ ਡਾ. ਬਲਬੀਰ ਸਿੰਘ ਸਕੂਲ ਆਫ਼ ਐਕਸੀਲੈਂਸ ਭਗਤਾ ਭਾਈਕਾ ਵਿਖੇ ਵਿਸ਼ਵ ਧਰਤੀ ਦਿਵਸ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੰਦੇ ਹੋਏ ਵੱਡੀ ਗਿਣਤੀ ਵਿਚ ਪੌਦੇ ਲਗਾਏ ਗਏ। ਬੱਚਿਆਂ ਨੇ ਨਾ ਸਿਰਫ਼ ਪੌਦੇ ਲਗਾਏ ਸਗੋਂ ਉਨ੍ਹਾਂ ਦੀ ਸੰਭਾਲ ਕਰਨ ਦਾ ਵੀ ਵਚਨ ਲਿਆ, ਜਿਸ ਨਾਲ ਸਕੂਲ ਵਿਚ ਹਰਿਆਵਲ ਅਤੇ ਤਾਜ਼ਗੀ ਦਾ ਸੁੰਦਰ ਮਾਹੌਲ ਬਣਿਆ। ਇਸ ਮੌਕੇ ਸਕੂਲ ਵਿਚ ਚਾਰ ਹਾਊਸਾਂ ਵਿਸ਼ਵਾਸ, ਬੁੱਧੀ, ਹਿੰਮਤ ਅਤੇ ਦਿਆਲਤਾ ਦੇ ਵਿਚਕਾਰ ਇੰਟਰ ਹਾਊਸ ਚਾਰਟ ਮੁਕਾਬਲੇ ਵੀ ਕਰਵਾਏ ਗਏ। ਵਿਦਿਆਰਥੀਆਂ ਨੇ ਵਾਤਾਵਰਣ ਸੰਭਾਲ, ਧਰਤੀ ਦੀ ਮਹੱਤਤਾ ਅਤੇ ਪ੍ਰਕਿਰਤੀ ਦੀ ਰੱਖਿਆ ਸਬੰਧੀ ਸੋਹਣੇ ਅਤੇ ਰਚਨਾਤਮਕ ਚਾਰਟ ਤਿਆਰ ਕੀਤੇ। ਇਹ ਮੁਕਾਬਲੇ ਬੱਚਿਆਂ ਦੀ ਕਲਾਤਮਕ ਯੋਗਤਾ ਦੇ ਨਾਲ ਨਾਲ ਉਨ੍ਹਾਂ ਵਿਚ ਜਾਗਰੂਕਤਾ ਪੈਦਾ ਕਰਨ ਵਿਚ ਵੀ ਕਾਮਯਾਬ ਰਹੇ। ਇਸ ਸਮਾਰੋਹ ਦੌਰਾਨ ਸਕੂਲ ਦੇ ਚੇਅਰਪਰਸਨ ਡਾ. ਪਰਨੀਤ ਕੌਰ ਦਿਓਲ ਅਤੇ ਗੁਰਦਿਆਲ ਸਿੰਘ ਬੁੱਟਰ ਨੇ ਬੱਚਿਆਂ ਨੂੰ ਪ੍ਰੇਰਣਾਦਾਇਕ ਸੁਨੇਹੇ ਦਿੱਤੇ। ਉਨ੍ਹਾਂ ਨੇ ਕਿਹਾ ਕਿ ਧਰਤੀ ਸਾਡਾ ਘਰ ਹੈ ਅਤੇ ਇਸਦੀ ਸੁਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਬੱਚਿਆਂ ਨੂੰ ਪ੍ਰਕਿਰਤੀ ਨਾਲ ਪਿਆਰ ਕਰਨ ਅਤੇ ਵਾਤਾਵਰਣ ਨੂੰ ਸਾਫ਼ ਰੱਖਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਸੁਖਜੀਤ ਕੌਰ ਬਰਾੜ ਵੱਲੋਂ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੱਜ ਪ੍ਰਕਿਰਤੀ ਦੀ ਸੰਭਾਲ ਕਰਾਂਗੇ ਤਾਂ ਹੀ ਭਵਿੱਖ ਸੁਰੱਖਿਅਤ ਰਹੇਗਾ। ਇਹ ਸਮਾਗਮ ਬਹੁਤ ਹੀ ਸਫਲ ਅਤੇ ਸਿੱਖਣਯੋਗ ਸਾਬਤ ਹੋਇਆ, ਜਿਸ ਨੇ ਵਿਦਿਆਰਥੀਆਂ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।