- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਗੂ ਰੋਡ ਦੀ ਖਰਾਬ ਹਾਲਤ ਕਾਰਨ ਲੋਕ ਪ੍ਰੇਸ਼ਾਨ, “ਨਰਕ ਰੋਡ” ਦੇ ਪੋਸਟਰ ਲਗਾ ਕੇ ਜਤਾਇਆ ਰੋਸ

ਭਾਗੂ ਰੋਡ ਦੀ ਮਾੜੀ ਹਾਲਤ ਤੋਂ ਲੋਕ ਦੁਖੀ, ਧਰਨੇ ਦੀ ਚਿਤਾਵਨੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੀ ਮਹੱਤਵਪੂਰਨ ਭਾਗੂ ਰੋਡ ਨੂੰ ਚੌੜਾ ਕਰਨ ਲਈ ਪੁੱਟੇ ਜਾਣ ਤੋਂ ਬਾਅਦ ਲੋਕਾਂ ਅਤੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਲਗਾਤਾਰ ਵੱਧ ਰਹੀਆਂ ਹਨ। ਲੰਮੇ ਸਮੇਂ ਤੋਂ ਨਿਰਮਾਣ ਕੰਮ ਸ਼ੁਰੂ ਨਾ ਹੋਣ ਕਾਰਨ ਸੜਕ ਦੀ ਹਾਲਤ ਬਹੁਤ ਹੀ ਖਰਾਬ ਹੋ ਗਈ ਹੈ, ਜਿਸ ਕਾਰਨ ਲੋਕਾਂ ਨੇ ਬੁੱਧਵਾਰ ਨੂੰ ਵਿਰੋਧ ਦੇ ਤੌਰ ‘ਤੇ ਸੜਕ ‘ਤੇ “ਨਰਕ ਰੋਡ” ਦੇ ਪੋਸਟਰ ਲਗਾ ਦਿੱਤੇ, ਜਿਹੜੇ ਕਾਫ਼ੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ਵਿਚ ਇੱਥੇ ਰਹਿਣਾ ਅਤੇ ਕਾਰੋਬਾਰ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਸੜਕ ਰਾਹੀ ਹਰ ਰੋਜ ਹਜ਼ਾਰਾਂ ਵਹੀਕਲਾਂ ਦੀ ਆਵਾਜਾਈ ਰਹਿੰਦੀ ਹੈ। ਇਸ ਸਬੰਧੀ ਮੁਖਤਿਆਰ ਸਿੰਘ ਬਰਾੜ ਨੇ ਦੱਸਿਆ ਕਿ ਸੜਕ ਪੁੱਟੇ ਜਾਣ ਤੋਂ ਬਾਅਦ ਨਾ ਤਾਂ ਕੋਈ ਨਿਰਮਾਣ ਕੰਮ ਸ਼ੁਰੂ ਹੋਇਆ ਹੈ ਅਤੇ ਨਾ ਹੀ ਕੋਈ ਪ੍ਰਬੰਧ ਕੀਤਾ ਗਿਆ ਹੈ। ਪਹਿਲਾਂ ਜਿੱਥੇ ਇਸ ਰੋਡ ‘ਤੇ ਦੁਕਾਨਦਾਰਾਂ ਦਾ ਵਧੀਆ ਕਾਰੋਬਾਰ ਹੁੰਦਾ ਸੀ, ਉੱਥੇ ਹੁਣ ਹਾਲਾਤ ਇਹ ਹਨ ਕਿ ਪੂਰਾ ਦਿਨ ਧੂੜ-ਮਿੱਟੀ ਸਾਫ਼ ਕਰਨ ਵਿਚ ਲੰਘ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਹਾਲਤ ਇੰਨ੍ਹੀ ਖਰਾਬ ਹੈ ਕਿ ਇੱਥੋਂ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਤਕ ਦਾ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ, ਜੋ ਕਿਸੇ ਵੀ ਐਮਰਜੈਂਸੀ ਹਾਲਤ ਵਿਚ ਗੰਭੀਰ ਖਤਰਾ ਬਣ ਗਿਆ ਤਾਂ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੜਕ ਪੁੱਟਣ ਤੋਂ ਬਾਅਦ ਗਾਹਕਾਂ ਦੀ ਆਵਾਜਾਈ ਲਗਭਗ ਬੰਦ ਹੋ ਗਈ ਹੈ, ਜਿਸ ਨਾਲ ਉਨ੍ਹਾਂ ਦਾ ਵਪਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉੱਥੇ ਹੀ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ ਦੇ ਸਮੇਂ ਬੱਚਿਆਂ ਦਾ ਸਕੂਲ ਜਾਣਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ। ਸੜਕ ‘ਤੇ ਚਿੱਕੜ ਅਤੇ ਧੂੜ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਕਾਫ਼ੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਮਾਡਲ ਟਾਊਨ ਫੇਜ਼-1 ਨੂੰ ਜੋੜਨ ਵਾਲਾ ਮਹੱਤਵਪੂਰਨ ਰਸਤਾ ਹੈ, ਪਰ ਇਸ ਦੀ ਹਾਲਤ ਹੁਣ ਬਹੁਤ ਹੀ ਖਰਾਬ ਹੋ ਚੁੱਕੀ ਹੈ। ਸ਼ਹਿਰ ਜਾਣ ਲਈ ਇਹ ਸੜਕ ਮੁੱਖ ਰਾਸਤਾ ਹੋਣ ਕਾਰਨ ਹੀ ਇਸ ਨੂੰ ਚੌੜਾ ਕੀਤਾ ਜਾਣਾ ਹੈ। ਸੇਂਟ ਜੌਸਫ਼ ਸਕੂਲ ਇਸ ਸੜਕ ’ਤੇ ਪੈਂਦਾ ਹੈ; ਪਰ ਸੜਕ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਵਿੰਗ ਵਲ ਪਾ ਕੇ ਜਾਣਾ ਪੈਂਦਾ ਹੈ। ਸਥਾਨਕ ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤਿੰਨ ਦਿਨਾਂ ਦੇ ਅੰਦਰ ਸੜਕ ਨਿਰਮਾਣ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਭਾਗੂ ਰੋਡ ਚੌਕ ‘ਤੇ ਧਰਨਾ ਦੇਣਗੇ। ਇਸ ਤੋਂ ਬਾਅਦ ਵੀ ਜੇਕਰ ਕੋਈ ਸੁਣਵਾਈ ਨਾ ਹੋਈ ਤਾਂ ਉਹ ਹਾਈਵੇ ਜਾਮ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ।