ਪੁਰਾਤਨ ਹੱਥ ਲਿਖਤਾਂ ਸਬੰਧੀ ਮੀਟਿੰਗ
ਗਿਆਨ ਭਾਰਤਮ ਮਿਸ਼ਨ ਦਾ ਉਦੇਸ਼ ਇਤਿਹਾਸਿਕ ਮਹੱਤਤਾ ਵਾਲੀਆਂ ਪੁਰਾਤਨ ਹੱਥ ਲਿਖਤਾਂ ਨੂੰ ਡਿਜੀਟਲ ਰੂਪ 'ਚ ਸੰਭਾਲਣਾ : ਡਿਪਟੀ ਕਮਿਸ਼ਨਰ
Publish Date: Wed, 22 Apr 2026 04:22 PM (IST)
Updated Date: Thu, 23 Apr 2026 04:01 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਗਿਆਨ ਭਾਰਤਮ ਮਿਸ਼ਨ ਤਹਿਤ, ਭਾਰਤ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਵੱਲੋਂ ਇਤਿਹਾਸਕ ਮਹੱਤਤਾ ਵਾਲੀਆਂ ਪੁਰਾਤਨ ਹੱਥ ਲਿਖਤਾਂ ਦੀ ਡਿਜ਼ੀਟਲ ਰਿਪੋਜ਼ਟਰੀ ਤਿਆਰ ਕਰਨ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਲਈ ਸਰਕਾਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੋਲ ਮੌਜੂਦ ਪੁਰਾਣੀਆਂ ਪੁਰਾਤਨ ਹੱਥ ਲਿਖਤਾਂ ਬਾਰੇ ਜਾਣਕਾਰੀ ਸਾਂਝੀ ਕਰਨ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਗਿਆਨ ਭਾਰਤਮ ਮਿਸ਼ਨ ਸਬੰਧੀ ਸਰਕਾਰੀ ਅਧਿਕਾਰੀਆਂ, ਇਤਿਹਾਸਕਾਰਾਂ, ਭਾਰਤੀ ਪੁਰਾਤਤਵ ਵਿਭਾਗ (ਆਰਕੀਓਲੌਜੀਕਲ ਸਰਵੇ ਆਫ਼ ਇੰਡੀਆ) ਅਤੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਇਸ ਤਰ੍ਹਾਂ ਦੀਆਂ ਪੁਰਾਤਨ ਹੱਥ ਲਿਖਤਾਂ ਹਨ, ਉਹ ਵੈਬਸਾਇਡ ’ਤੇ ਲਾਗਇਨ ਕਰ ਸਕਦੇ ਹਨ ਜਾਂ ਗਿਆਨ ਭਾਰਤਮ ਐਪ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਬਾਅਦ ਉਹ ਆਪਣੇ ਕੋਲ ਮੌਜੂਦ ਦਸਤਾਵੇਜ਼ ਦੀ ਜਾਣਕਾਰੀ ਭਰ ਸਕਦੇ ਹਨ। ਇਸ ਪ੍ਰਕਿਰਿਆ ਤੋਂ ਬਾਅਦ ਗਿਆਨ ਭਾਰਤਮ ਦੇ ਅਧਿਕਾਰੀ ਸਬੰਧਤ ਵਿਅਕਤੀ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਲੈਣਗੇ। ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹਾ ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰੂ ਸਾਹਿਬਾਨ, ਪੀਰਾਂ ਅਤੇ ਫਕੀਰਾਂ ਨਾਲ ਸੰਬੰਧਿਤ ਕਈ ਥਾਵਾਂ ਜੁੜੀਆਂ ਹੋਈਆਂ ਹਨ। ਇੱਥੇ ਕਿਲ੍ਹਾ ਸਾਹਿਬ, ਹਾਜੀ ਰਤਨ, ਮਾਈਸਰਖਾਨਾ ਅਤੇ ਹੋਰ ਕਈ ਇਤਿਹਾਸਿਕ ਮਹੱਤਤਾ ਵਾਲੀਆਂ ਥਾਵਾਂ ਹਨ, ਜਿੱਥੇ ਪੁਰਾਣੇ ਦਸਤਾਵੇਜ਼ ਅਤੇ ਪੁਰਾਤਨ ਹੱਥ ਲਿਖਤਾਂ ਮੌਜੂਦ ਹੋ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਜਦੋਂ ਇਹ ਪੁਰਾਤਨ ਹੱਥ ਲਿਖਤਾਂ ਦੀ ਪਛਾਣ ਕਰ ਲਈ ਜਾਵੇਗੀ, ਤਾਂ ਉਨ੍ਹਾਂ ਦੀ ਜਾਣਕਾਰੀ ਗਿਆਨ ਭਾਰਤਮ ਐਪ ’ਤੇ ਅਪਲੋਡ ਕੀਤੀ ਜਾਵੇਗੀ ਤਾਂ ਜੋ ਇਕ ਡਿਜ਼ੀਟਲ ਰਿਪੋਜ਼ਟਰੀ ਤਿਆਰ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਬਠਿੰਡਾ ਵਾਸੀਆਂ ਨੂੰ ਇਸ ਮਿਸ਼ਨ ਵਿੱਚ ਸਰਗਰਮ ਭਾਗੀਦਾਰੀ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਜਾਂ ਸੰਸਥਾ ਜਿਵੇਂ ਕਿ ਲਾਇਬ੍ਰੇਰੀਆਂ, ਸ੍ਰੀ ਗੁਰਦੁਆਰਾ ਸਾਹਿਬਾਂ, ਮੰਦਿਰਾਂ, ਡੇਰਿਆਂ ਜਾਂ ਹੋਰ ਥਾਵਾਂ ’ਤੇ ਕੋਈ ਪੁਰਾਤਨ ਹੱਥ ਲਿਖਤਾਂ ਮੌਜੂਦ ਹਨ, ਤਾਂ ਉਨ੍ਹਾਂ ਬਾਰੇ ਜਾਣਕਾਰੀ ਤੁਰੰਤ ਸਾਂਝੀ ਕਰਨ। ਇਸ ਮੌਕੇ ਏਡੀਸੀ (ਜੀ) ਮੈਡਮ ਕੰਚਨ, ਐਸਡੀਐਮ ਬਠਿੰਡਾ ਬਲਕਰਨ ਸਿੰਘ ਮਾਹਲ, ਐਸਡੀਐਮ ਤਲਵੰਡੀ ਸਾਬੋ ਰਾਜੇਸ਼ ਕੁਮਾਰ ਸ਼ਰਮਾ, ਐਸਡੀਐਮ ਰਾਮਪੁਰਾ ਅਤੇ ਮੌੜ ਵੀਰਪਾਲ ਕੌਰ, ਡੀਡੀਪੀਓ ਅਭਿਨਵ ਗੋਇਲ, ਡੀਐਸਪੀ ਸਪੈਸ਼ਲ ਬਾਂਚ ਸਰਬਜੀਤ ਸਿੰਘ, ਖਾਲਸਾ ਹੈਰੀਟੇਜ ਫਾਊਂਡੇਸ਼ਨ ਤੋਂ ਹਰਵਿੰਦਰ ਸਿੰਘ ਖਾਲਸਾ, ਪੁਰਾਤਤਵ ਵਿਭਾਗ ਦੇ ਅਧਿਕਾਰੀ ਆਦਿ ਹਾਜ਼ਰ ਸਨ।