ਵਿਧਾਇਕਾ ਬਲਜਿੰਦਰ ਕੌਰ ਨੇ ਸਿਵਲ ਹਸਪਤਾਲ ਦਾ ਕੀਤਾ ਦੌਰਾ
ਵਿਧਾਇਕਾ ਬਲਜਿੰਦਰ ਕੌਰ ਨੇ ਸਿਵਲ ਹਸਪਤਾਲ ਦਾ ਕੀਤਾ ਦੌਰਾ
Publish Date: Wed, 22 Apr 2026 03:57 PM (IST)
Updated Date: Thu, 23 Apr 2026 04:01 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਵੱਲੋਂ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਦਾ ਦੌਰਾ ਕਰਦੇ ਹੋਏ ਹਸਪਤਾਲ ਵਿਚ ਚੱਲ ਰਹੀਆਂ ਸਹੂਲਤਾਂ ਅਤੇ ਇਲਾਜ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐਸਐਮਓ ਡਾ.ਰਵੀ ਕਾਂਤ ਗੁਪਤਾ ਅਤੇ ਸਿਵਲ ਸਰਜਨ ਬਠਿੰਡਾ ਵੀ ਮੌਜੂਦ ਸਨ। ਦੌਰੇ ਦੌਰਾਨ ਵਿਧਾਇਕਾ ਨੇ ਵੱਖ-ਵੱਖ ਵਾਰਡਾਂ ਵਿਚ ਜਾ ਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮਰੀਜ਼ਾਂ ਨੇ ਹਸਪਤਾਲ ਵਿਚ ਸੁਧਰੇ ਪ੍ਰਬੰਧਾਂ ‘ਤੇ ਸੰਤੁਸ਼ਟੀ ਜਤਾਈ ਅਤੇ ਡਾਕਟਰੀ ਸਟਾਫ਼ ਦੇ ਵਰਤਾਓ ਨੂੰ ਵੀ ਸਰਾਹਿਆ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਇਹ ਹਸਪਤਾਲ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਿਹਾ ਸੀ, ਪਰ ਹੁਣ ਸਰਕਾਰ ਦੇ ਯਤਨਾਂ ਨਾਲ ਇੱਥੇ ਕਾਫ਼ੀ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਅੱਜ ਸਿਵਲ ਹਸਪਤਾਲ ਦੀਆਂ ਸੇਵਾਵਾਂ ਪ੍ਰਾਈਵੇਟ ਹਸਪਤਾਲਾਂ ਨਾਲ ਮੁਕਾਬਲਾ ਕਰਨ ਦੇ ਯੋਗ ਹੋ ਚੁੱਕੀਆਂ ਹਨ, ਜੋ ਕਿ ਇਲਾਕੇ ਲਈ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਨੇ ਡਾਕਟਰਾਂ ਅਤੇ ਸਟਾਫ਼ ਨੂੰ ਹੁਕਮ ਦਿੱਤੇ ਕਿ ਮਰੀਜ਼ਾਂ ਨੂੰ ਵਧੀਆ ਇਲਾਜ ਦੇ ਨਾਲ-ਨਾਲ ਮਨੁੱਖਤਾ ਭਰਪੂਰ ਸੇਵਾ ਵੀ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਹਸਪਤਾਲ ਵਿਚ ਸਫ਼ਾਈ ਅਤੇ ਦਵਾਈਆਂ ਦੀ ਉਪਲਬਧਤਾ ‘ਤੇ ਖਾਸ ਧਿਆਨ ਦੇਣ ਦੀ ਗੱਲ ਵੀ ਕੀਤੀ। ਇਸ ਮੌਕੇ ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਸਰਕਾਰੀ ਯੋਜਨਾਵਾਂ ਦੇ ਤਹਿਤ ਮਰੀਜ਼ਾਂ ਨੂੰ ਮੁਫ਼ਤ ਜਾਂ ਘੱਟ ਖਰਚ ‘ਤੇ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਹਸਪਤਾਲ ਵਿਚ ਆਧੁਨਿਕ ਮਸ਼ੀਨਾਂ ਅਤੇ ਬਿਹਤਰ ਸਹੂਲਤਾਂ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਇਸ ਮੌਕੇ ਸਰਪੰਚ ਚੌਧਰੀ ਜਸਵਿੰਦਰ ਕੌਰ ਮੈਂਬਰ ਮਹਿਲਾ ਕਮਿਸ਼ਨ ਪੰਜਾਬ, ਹਰਜੀਤ ਸਿੰਘ ਸਰਾਂ, ਬਲਵਿੰਦਰ ਸਿੰਘ ਗਿੱਲ, ਅਮਰਦੀਪ ਸਿੰਘ ਡਿੱਖ, ਕੇਵਲ ਸਿੰਘ ਨਿੱਜੀ ਸਹਾਇਕ, ਗੁਰਤੇਜ ਸਿੰਘ ਜੋਗੇਵਾਲਾ, ਦਵਿੰਦਰ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਪ ਆਗੂ ਹਾਜ਼ਰ ਸਨ।