ਪੀਐੱਸਯੂ ਨੇ ਕਾਲਜ ਦੀਆਂ ਮੰਗਾਂ ਸਬੰਧੀ ਦਿੱਤਾ ਪੱਤਰ
ਪੀਐੱਸਯੂ ਵੱਲੋਂ ਕਾਲਜ ਦੀਆਂ ਮੰਗਾਂ ਸਬੰਧੀ ਪ੍ਰਿੰਸੀਪਲ ਨੂੰ ਦਿੱਤਾ ਮੰਗ ਪੱਤਰ
Publish Date: Wed, 22 Apr 2026 03:53 PM (IST)
Updated Date: Thu, 23 Apr 2026 04:01 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਯੂਨੀਵਰਸਿਟੀ ਕਾਲਜ ਘੁੱਦਾ ਵਿਚ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਕਾਲਜ ਦੇ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਕਾਲਜ ਵਿਚ ਵਿਦਿਆਰਥੀਆਂ ਨੂੰ ਪਾਣੀ ਦੀ ਕਮੀਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਥਰੂਮਾਂ ਵਿਚ ਸਫ਼ਾਈ ਦੀ ਵੱਡੀ ਸਮੱਸਿਆ ਹੈ। ਕਾਲਜ ਵਿਚ ਖੇਡ ਮੈਦਾਨ ਦੀ ਹਾਲਤ ਬਹੁਤ ਤਰਸਯੋਗ ਹੈ ਅਤੇ ਖਿਡਾਰੀਆਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ। ਸਾਲਾਂ ਤੋਂ ਕਾਲਜ ਵਿਚ ਬਣਿਆਂ ਹੋਸਟਲ ਬੰਦ ਪਿਆ ਹੈ। ਕਾਲਜ ਬਿਲਡਿੰਗ ਦੀ ਕੁੱਲ ਹਾਲਤ ਖੰਡਰਨੁਮਾਂ ਬਣੀ ਹੋਈ ਹੈ। ਆਪ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਕੱਚ-ਘਰੜ ਕਾਲਜ ਦੀ ਮਾੜੀ ਹਾਲਤ ਤੋਂ ਸਾਫ਼ ਜ਼ਾਹਰ ਹੈ, ਕਾਲਜ ਨੂੰ ਗ੍ਰਾਂਟਾਂ ਦੇਣ ਦੇ ਉਲਟ ਆਪ ਸਰਕਾਰ ਸਿੱਖਿਆ ਨੀਤੀ 2020 ਧੜਲੇ ਨਾਲ ਲਾਗੂ ਕਰ ਰਹੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਫੀਸਾਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਸਿੱਖਿਆ ਸੰਸਥਾਵਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਅਦਾਰਿਆਂ ਦੀ ਸਫ਼ ਵਲ੍ਹੇਟੀ ਜਾ ਰਹੀ ਹੈ। ਉਕਤ ਸਾਰੀਆਂ ਮੰਗਾਂ ਸਬੰਧੀ ਪ੍ਰਿੰਸੀਪਲ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਉਪਰੰਤ ਪ੍ਰਿੰਸੀਪਲ ਵੱਲੋਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਉਕਤ ਮੰਗਾਂ ਦਾ ਹੱਲ ਨਾ ਹੋਇਆ ਤਾਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਵਿਦਿਆਰਥੀ ਆਗੂ ਗੁਰਦਾਤ ਸਿੰਘ, ਅਕਾਸ਼ਦੀਪ ਸਿੰਘ, ਜਸ਼ਨ, ਕ੍ਰਾਂਤੀ, ਕਮਲ ਆਦਿ ਸ਼ਾਮਲ ਸਨ।