ਹੜਤਾਲ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਵਿਗੜੀ, ਸਫ਼ਾਈ ਕਾਮਿਆਂ ਨੇ ਦੂਜੇ ਦਿਨ ਦਿੱਤਾ ਧਰਨਾ
ਹੜਤਾਲ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਵਿਗੜੀ, ਸਫਾਈ ਕਾਮਿਆਂ ਨੇ ਦੂਜੇ ਦਿਨ ਦਿੱਤਾ ਧਰਨਾ
Publish Date: Tue, 21 Apr 2026 07:06 PM (IST)
Updated Date: Wed, 22 Apr 2026 04:10 AM (IST)

ਫੋਟੋ:40 ਕੈਪਸ਼ਨ: ਮੰਗਾਂ ਨੂੰ ਲੈ ਕੇ ਨਗਰ ਨਿਗਮ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਸਫਾਈ ਕਾਮੇ। ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਨਗਰ ਨਿਗਮ ਦੇ ਸਫਾਈ ਅਤੇ ਸੀਵਰੇਜ ਕਰਮਚਾਰੀਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ, ਜਿਸ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਘਰਾਂ ਤੋਂ ਕੂੜਾ ਨਹੀਂ ਉਠਾਇਆ ਗਿਆ ਤੇ ਨਾ ਹੀ ਸੜਕਾਂ ਦੀ ਸਫਾਈ ਹੋ ਸਕੀ, ਜਿਸ ਨਾਲ ਕਈ ਇਲਾਕਿਆਂ ’ਚ ਗੰਦਗੀ ਦੇ ਢੇਰ ਲੱਗ ਗਏ ਹਨ। ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਿਹਤ ਸਬੰਧੀ ਚਿੰਤਾਵਾਂ ਵੀ ਵੱਧ ਰਹੀਆਂ ਹਨ। ਇਹ ਹੜਤਾਲ ਸੋਮਵਾਰ ਤੋਂ ਸ਼ੁਰੂ ਹੋਈ ਸੀ, ਜਿਸ ’ਚ ਨਗਰ ਨਿਗਮ ਦੇ ਪੱਕੇ ਤੇ ਕੱਚੇ ਦੋਵੇਂ ਤਰ੍ਹਾਂ ਦੇ ਕਰਮਚਾਰੀ ਸ਼ਾਮਲ ਹਨ। ਸਫਾਈ ਸੇਵਕ ਯੂਨੀਅਨ ਤੇ ਸੀਵਰੇਜ ਵਰਕਰ ਯੂਨੀਅਨ ਦੇ ਮੈਂਬਰ ਨਿਗਮ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਧਰਨਾ ਦੇ ਰਹੇ ਹਨ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ। ਯੂਨੀਅਨ ਆਗੂ ਵਿਨੋਦ ਕੁਮਾਰ ਅਤੇ ਰਵੀ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਸਭ ਤੋਂ ਮੁੱਖ ਮੰਗ 597 ਆਊਟਸੋਰਸ ਸਫਾਈ ਕਰਮਚਾਰੀਆਂ ਅਤੇ ਸੀਵਰੇਜ ਵਰਕਰਾਂ ਨੂੰ ਇਨਸੋਰਸ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਲੰਬੇ ਸਮੇਂ ਤੋਂ ਲਟਕ ਰਿਹਾ ਹੈ ਅਤੇ ਨਿਗਮ ਪ੍ਰਸ਼ਾਸਨ ਇਸ ਨੂੰ ਲਗਾਤਾਰ ਟਾਲ ਰਿਹਾ ਹੈ, ਜਿਸ ਨਾਲ ਕਰਮਚਾਰੀਆਂ ਵਿੱਚ ਗੁੱਸਾ ਵੱਧ ਰਿਹਾ ਹੈ। ਧਰਨੇ ਦੌਰਾਨ ਕਰਮਚਾਰੀਆਂ ਨੇ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਦੇ ਬਕਾਇਆ ਭੁਗਤਾਨ ਦਾ ਮਸਲਾ ਵੀ ਉਠਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਮਾਮਲਿਆਂ ਵਿੱਚ ਛੇ ਮਹੀਨੇ ਤੱਕ ਭੁਗਤਾਨ ਨਹੀਂ ਕੀਤਾ ਗਿਆ, ਜੋ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਹਮਦਰਦੀ ਅਧਾਰ ’ਤੇ ਬਕਾਇਆ ਨੌਕਰੀਆਂ ਨੂੰ ਜਲਦੀ ਦੇਣ ਦੀ ਮੰਗ ਵੀ ਕੀਤੀ ਗਈ ਹੈ। ਯੂਨੀਅਨਾਂ ਵੱਲੋਂ ਪੇ-ਕਮਿਸ਼ਨ ਦੇ ਬਕਾਇਆ ਭੁਗਤਾਨ, ਅਸਥਾਈ ਕਰਮਚਾਰੀਆਂ ਨੂੰ ਹਰ ਮਹੀਨੇ ਦੀ 5 ਤਰੀਕ ਤਕ ਸਮੇਂ ਸਿਰ ਤਨਖਾਹ ਦੇਣ ਅਤੇ ਕੰਮ ਦੌਰਾਨ ਲੋੜੀਂਦੀਆਂ ਸੁਵਿਧਾਵਾਂ ਜਿਵੇਂ ਤੇਲ ਅਤੇ ਸਾਬਣ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਪਬਲਿਕ ਅਤੇ ਕਮਿਊਨਿਟੀ ਟਾਇਲਟਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਹਫਤਾਵਾਰੀ ਛੁੱਟੀ ਅਤੇ ਸਮੇਂ ਸਿਰ ਤਨਖਾਹ ਯਕੀਨੀ ਬਣਾਉਣ ਦੀ ਵੀ ਮੰਗ ਰੱਖੀ ਗਈ ਹੈ। ਮੰਗਲਵਾਰ ਨੂੰ ਨਿਗਮ ਕਮਿਸ਼ਨਰ ਵੱਲੋਂ ਯੂਨੀਅਨ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਮੰਗਾਂ ’ਤੇ ਸਕਾਰਾਤਮਕ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਪਰ ਕਰਮਚਾਰੀ ਇਸ ਭਰੋਸੇ ਨਾਲ ਸੰਤੁਸ਼ਟ ਨਹੀਂ ਹੋਏ ਅਤੇ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹੜਤਾਲ ਜਾਰੀ ਰਹੇਗੀ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਦੀ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਹੜਤਾਲ ਨੂੰ ਹੋਰ ਵੀ ਵੱਡੇ ਪੱਧਰ ’ਤੇ ਫੈਲਾਇਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਇਸਦੇ ਨਾਲ ਹੀ ਬੁੱਧਵਾਰ ਨੂੰ ਵੀ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਜਲਦੀ ਹੀ ਪ੍ਰਸ਼ਾਸਨ ਅਤੇ ਕਰਮਚਾਰੀਆਂ ਵਿਚਕਾਰ ਕੋਈ ਹੱਲ ਨਿਕਲੇਗਾ ਤਾਂ ਜੋ ਸਫਾਈ ਪ੍ਰਣਾਲੀ ਮੁੜ ਪਟੜੀ ’ਤੇ ਆ ਸਕੇ ਤੇ ਲੋਕਾਂ ਨੂੰ ਰਾਹਤ ਮਿਲ ਸਕੇ।