ਕਾਂਗਰਸ, ‘ਆਪ’, ਅਕਾਲੀ ਦਲ ਨੇ ‘ਨਾਰੀ ਸ਼ਕਤੀ’ ਦਾ ਅਪਮਾਨ ਕੀਤਾ : ਸ਼ਵੇਤ ਮਲਿਕ
ਕੈਪਸ਼ਨ: ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਸ਼ਵੇਤ ਮਲਿਕ ਨਾਲ ਹਨ ਸਰੂਪ ਚੰਦ ਸਿੰਗਲਾ
Publish Date: Tue, 21 Apr 2026 06:58 PM (IST)
Updated Date: Wed, 22 Apr 2026 04:10 AM (IST)

ਫੋਟੋ:41 ਕੈਪਸ਼ਨ: ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਸ਼ਵੇਤ ਮਲਿਕ ਨਾਲ ਹਨ ਸਰੂਪ ਚੰਦ ਸਿੰਗਲਾ। ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਮਹਿਲਾ ਰਿਜ਼ਰਵੇਸ਼ਨ ਦਾ ਵਿਰੋਧ ਕਰਕੇ ਕਾਂਗਰਸ,‘ਆਪ’, ਅਕਾਲੀ ਦਲ ਨੇ ‘ਨਾਰੀ ਸ਼ਕਤੀ’ ਦਾ ਅਪਮਾਨ ਕੀਤਾ। ਇਹ ਵਿਚਾਰ ਮੰਗਲਵਾਰ ਨੂੰ ਬਠਿੰਡਾ ’ਚ ਹੋਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਪ੍ਰਗਟ ਕੀਤੇ। ਇਸ ਜ਼ਿਲ੍ਹਾ ਭਾਜਪਾ ਪ੍ਰਧਾਨ ਸਰੂਪ ਚੰਦ ਸਿੰਗਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮਲਿਕ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਾਲਾਂ ਤੋਂ ਲੰਬਿਤ ਮਹਿਲਾਵਾਂ ਨੂੰ ਸੰਸਦ ਤੇ ਵਿਧਾਨ ਸਭਾਵਾਂ ’ਚ 33 ਫ਼ੀਸਦੀ ਰਿਜ਼ਰਵੇਸ਼ਨ ਦੇਣ ਲਈ “ਨਾਰੀ ਸ਼ਕਤੀ ਵੰਦਨ ਅਧਿਨਿਯਮ” ਲੋਕ ਸਭਾ ’ਚ ਲਿਆਂਦਾ ਗਿਆ, ਪਰ ਅਫਸੋਸ ਕਿ ਕਾਂਗਰਸ, ਆਮ ਆਦਮੀ ਪਾਰਟੀ, ਸ੍ਰੋਮਣੀ ਅਕਾਲੀ ਦਲ ਤੇ ਹੋਰ ਵਿਰੋਧੀ ਪਾਰਟੀਆਂ ਦੇ ਵਿਰੋਧ ਕਾਰਨ ਇਹ ਬਿੱਲ ਪਾਸ ਨਹੀਂ ਹੋ ਸਕਿਆ। ਮਲਿਕ ਨੇ ਕਿਹਾ ਕਿ ਇਹ ਮਹਿਲਾ ਵਿਰੋਧੀ ਪਾਰਟੀਆਂ ਨੂੰ ਦੇਸ਼ ਦੀਆਂ 70 ਕਰੋੜ ਮਹਿਲਾਵਾਂ ਕਦੇ ਮਾਫ਼ ਨਹੀਂ ਕਰਨਗੀਆਂ। ਉਨ੍ਹਾਂ ਨੇ ਦੱਸਿਆ ਕਿ 2026 ਦੇ ਮਹਿਲਾ ਰਿਜ਼ਰਵੇਸ਼ਨ ਬਿੱਲ (131ਵਾਂ ਸੰਸ਼ੋਧਨ) ਦਾ ਮੁੱਖ ਉਦੇਸ਼ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ 33 ਫੀਸਦੀ ਰਿਜ਼ਰਵੇਸ਼ਨ ਯਕੀਨੀ ਬਣਾਉਣਾ ਸੀ ਅਤੇ ਲੋਕ ਸਭਾ ਦੀਆਂ ਸੀਟਾਂ ਨੂੰ 543 ਤੋਂ ਵਧਾ ਕੇ 850 ਕਰਨ ਦਾ ਮਤਾ ਵੀ ਸੀ। ਇਸਨੂੰ ਡਿਲਿਮਿਟੇਸ਼ਨ ਨਾਲ ਜੋੜਿਆ ਗਿਆ ਸੀ। ਉਨ੍ਹਾਂ ਕਿਹਾ ਕਿ 17 ਅਪ੍ਰੈਲ 2026 ਨੂੰ ਮੋਦੀ ਸਰਕਾਰ ਦੇ ਸਮਰਥਨ ਵਾਲਾ ਇਹ ਬਿੱਲ ਵਿਰੋਧੀ ਪਾਰਟੀਆਂ ਦੇ ਵਿਰੋਧ ਅਤੇ ਅਪੂਰੀ ਵੋਟਿੰਗ (ਪੱਖ ਵਿੱਚ 298, ਵਿਰੋਧ ਵਿੱਚ 230) ਕਾਰਨ ਲੋਕ ਸਭਾ ਵਿੱਚ ਪਾਸ ਨਹੀਂ ਹੋ ਸਕਿਆ। ਇਸ ਨਾਲ ਹੁਣ ਇਹ ਬਿੱਲ 2029 ਤਕ ਲਟਕ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 70 ਸਾਲ ਰਾਜ ਕਰਨ ਦੇ ਬਾਵਜੂਦ ਮਹਿਲਾਵਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦਿੱਤਾ ਅਤੇ ਹੁਣ ਵੀ ਇਸਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਨੇ ਬਿੱਲ ਨੂੰ ਲਾਗੂ ਹੋਣ ਤੋਂ ਰੋਕਣ ਲਈ ਸਾਜ਼ਿਸ਼ ਰਚੀ। ਮੋਦੀ ਜੀ ਨੇ ਕਿਹਾ ਹੈ ਕਿ ਭਵਿੱਖ ਵਿੱਚ ਮਹਿਲਾਵਾਂ ਨੂੰ ਉਨ੍ਹਾਂ ਦਾ ਹੱਕ ਜ਼ਰੂਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੀ ਅੱਧੀ ਆਬਾਦੀ ਨੂੰ ਸਸ਼ਕਤ ਬਣਾਉਣ ਦਾ ਇਤਿਹਾਸਕ ਮੌਕਾ ਆਇਆ ਤਾਂ ਕਾਂਗਰਸ ਨੇ ਨਾਰੀ ਸਨਮਾਨ ਦੀ ਅਣਦੇਖੀ ਕੀਤੀ। ਮਲਿਕ ਨੇ ਇਸਨੂੰ ਗੰਭੀਰ ਅਪਰਾਧ ਕਰਾਰ ਦਿੱਤਾ ਅਤੇ ਕਿਹਾ ਕਿ ਦੇਸ਼ ਦੀ ਮਾਤਾ ਸ਼ਕਤੀ ਇਸਨੂੰ ਕਦੇ ਨਹੀਂ ਭੁੱਲੇਗੀ। ਉਨ੍ਹਾਂ ਰਾਜਾ ਰਾਮ ਮੋਹਨ ਰਾਏ, ਡਾ. ਅੰਬੇਡਕਰ, ਅਟਲ ਬਿਹਾਰੀ ਵਾਜਪੇਈ ਤੇ ਨਰਿੰਦਰ ਮੋਦੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਤਿਹਾਸ ਵਿੱਚ ਹਮੇਸ਼ਾਂ ਮਹਿਲਾਵਾਂ ਦੇ ਸਨਮਾਨ ਲਈ ਸੰਘਰਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ 11 ਸਾਲਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧੀ ਹੈ ਤੇ ਉਨ੍ਹਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਮੋਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਕਈ ਯੋਜਨਾਵਾਂ ਦਾ ਜ਼ਿਕਰ ਵੀ ਕੀਤਾ।