ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਸਮੇਤ 14 ਜਣੇ ਗ੍ਰਿਫ਼ਤਾਰ
ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ 14 ਵਿਅਕਤੀ ਗ੍ਰਿਫ਼ਤਾਰ
Publish Date: Tue, 21 Apr 2026 06:36 PM (IST)
Updated Date: Wed, 22 Apr 2026 04:07 AM (IST)

* 66.65 ਗ੍ਰਾਮ ਹੈਰੋਇਨ, 504 ਗ੍ਰਾਮ ਭੁੱਕੀ, 90 ਨਸ਼ੀਲੀਆਂ ਗੋਲ਼ੀਆਂ ਬਰਾਮਦ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 14 ਵਿਅਕਤੀਆਂ ਨੂੰ ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਫੜ੍ਹੇ ਗਏ ਇਨ੍ਹਾਂ ਮੁਲਜ਼ਮਾਂ ਕੋਲੋਂ 66.65 ਗ੍ਰਾਮ ਹੈਰੋਇਨ, 504 ਗ੍ਰਾਮ ਭੁੱਕੀ, 90 ਨਸ਼ੀਲੀਆਂ ਗੋਲੀਆਂ ਅਤੇ 25 ਲੀਟਰ ਲਾਹਣ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਪੁਲਿਸ ਨੇ ਮਾਲ ਗੋਦਾਮ ਰੋਡ ’ਤੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੁਲਜਮ ਨੂੰ ਮੌਕੇ ’ਤੇ ਕਾਬੂ ਕਰ ਲਿਆ। ਜਿਸ ਦੀ ਪਛਾਣ ਮਾਨਵ ਕੁਮਾਰ ਵਾਸੀ ਜਨਤਾ ਨਗਰ ਬਠਿੰਡਾ ਵਜੋਂ ਹੋਈ। ਥਾਣਾ ਥਰਮਲ ਬਠਿੰਡਾ ਦੀ ਪੁਲਿਸ ਨੇ ਐਨਐਫਐਲ ਨੇੜੇ ਇਕ ਵਿਅਕਤੀ ਸੁਲੱਖਣ ਸਿੰਘ ਵਾਸੀ ਪਿੰਡ ਸਿਵੀਆ ਨੂੰ 504 ਗ੍ਰਾਮ ਭੁੱਕੀ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਬਾਅਦ ਵਿਚ ਜਮਾਨਤ ’ਤੇ ਰਿਹਾ ਕਰ ਦਿੱਤਾ। ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਬੀੜ ਤਲਾਬ ਵਿਚ ਛਾਪੇਮਾਰੀ ਕਰਦਿਆਂ ਗੁਰਚਰਨ ਸਿੰਘ ਅਤੇ ਗੁਰਮੀਤ ਸਿੰਘ ਵਾਸੀ ਪਿੰਡ ਬੀੜ ਤਲਾਬ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਗੁਰਦੀਪ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਬਲਾਹੜ ਮਹਿਮਾ ਵਿਚ ਛਾਪੇਮਾਰੀ ਕਰਦਿਆਂ ਪ੍ਰਭਜਿੰਦਰ ਸਿੰਘ ਨੂੰ 40 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰ ਲਿਆ ਜਦੋਂਕਿ ਇਸੇ ਥਾਣੇ ਦੀ ਪੁਲਿਸ ਨੇ ਪਿੰਡ ਮਹਿਮਾ ਸਰਜਾ ਵਿਚ ਛਾਪੇਮਾਰੀ ਕਰਦਿਆਂ ਮਾਂ ਪੁੱਤ ਨੂੰ 6.60 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਪਰਮਜੀਤ ਕੌਰ ਵਾਸੀ ਪਿੰਡ ਮਹਿਮਾ ਸਰਜਾ ਵਜੋਂ ਹੋਈ ਹੈ। ਥਾਣਾ ਨਥਾਣਾ ਦੀ ਪੁਲਿਸ ਨੇ ਵੀ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਸਰਹੰਦ ਨਹਿਰ ਦੇ ਪੁੱਲ ’ਤੇ ਨਾਕੇਬੰਦੀ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ। ਪੁਲਿਸ ਪਾਰਟੀ ਨੇ ਮੁਲਜਮਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ। ਜਿਨ੍ਹਾਂ ਦੀ ਪਛਾਣ ਪ੍ਰਗਟ ਸਿੰਘ ਅਤੇ ਨਰਿੰਦਰ ਪਾਲ ਸਿੰਘ ਵਾਸੀਆਨ ਪਿੰਡ ਸੇਮਾ ਵਜੋਂ ਹੋਈ ਹੈ। ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਪਿੰਡ ਭਾਗੀ ਬਾਂਦਰ ਵਿਚ ਗੁਪਤ ਸੂਚਨਾ ਦੇ ਅਧਾਰ ’ਤੇ ਛਾਪੇਮਾਰੀ ਕਰਦਿਆਂ ਗੁਰਸੇਵਕ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ 5.95 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਰਾਮਾਂ ਪੁਲਿਸ ਨੇ ਰਾਮਾਂ ਮੰਡੀ ਵਿਚ ਸ਼ੱਕ ਦੇ ਅਧਾਰ ’ਤੇ ਇਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 2.10 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੁਲਜਮਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ। ਜਿਸ ਦੀ ਪਛਾਣ ਕੁਲਦੀਪ ਸਿੰਘ ਵਾਸੀ ਪਿੰਡ ਕੋਟਬਖਤੂ ਹੋਈ ਹੈ। ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਗਹਿਰੀ ਬੁੱਟਰ ਵਿਚ ਛਾਪੇਮਾਰੀ ਕਰਦਿਆਂ ਨਛੱਤਰ ਸਿੰਘ ਨੂੰ 25 ਲੀਟਰ ਲਾਹਣ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਤਰ੍ਹਾਂ ਹੀ ਥਾਣਾ ਨਥਾਣਾ ਦੀ ਪੁਲਿਸ ਨੇ ਲਵਪ੍ਰੀਤ ਸਿੰਘ ਵਾਸੀ ਤੁੰਗਵਾਲੀ ਦਾ ਡੋਪ ਟੈਸਟ ਕਰਵਾਇਆ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਬਣਾਉਣ ਤੋਂ ਬਾਅਦ ਉਸ ਖਿਲਾਫ ਕੇਸ ਦਰਜ ਕੀਤਾ ਗਿਆ ਹੈ।