ਵਿਦਿਆਰਥੀ ਕੋਲੋਂ ਸਿਗਨੇਚਰ ਕੈਪਸੂਲ ਬਰਾਮਦ, ਪੁਲਿਸ ਜਾਂਚ ’ਚ ਜੁਟੀ
ਡੀਏਵੀ ਕਾਲਜ ਦੇ ਵਿਦਿਆਰਥੀ ਕੋਲੋਂ ਸਿਗਨੇਚਰ ਕੈਪਸੂਲ ਬਰਾਮਦ, ਪੁਲਿਸ ਜਾਂਚ ਵਿਚ ਜੁਟੀ
Publish Date: Tue, 21 Apr 2026 06:34 PM (IST)
Updated Date: Wed, 22 Apr 2026 04:07 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ਦੇ ਇਕ ਕਾਲਜ ਦੇ ਵਿਦਿਆਰਥੀ ਨੂੰ ਸਿਗਨੇਚਰ ਕੈਪਸੂਲ ਦੇ ਕਰੀਬ 13 ਪੱਤਿਆਂ ਸਮੇਤ ਪੁਲਿਸ ਨੇ ਹਿਰਾਸਤ ’ਚ ਲਿਆ ਹੈ। ਇਸ ਮਾਮਲੇ ਦੀ ਪੁਸ਼ਟੀ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਰਵਿੰਦਰ ਸਿੰਘ ਨੇ ਕੀਤੀ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਸ਼ਹਿਰ ਦੇ ਇਕ ਨਿੱਜੀ ਕਾਲਜ ’ਚ ਨਿਯਮਿਤ ਤੌਰ ’ਤੇ ਕਲਾਸਾਂ ਸ਼ੁਰੂ ਹੋਈਆਂ। ਇਸ ਦੌਰਾਨ ਕਾਲਜ ਪ੍ਰਬੰਧਨ ਨੇ ਵਿਦਿਆਰਥੀਆਂ ਦੀ ਜਾਂਚ ਕੀਤੀ। ਜਾਂਚ ਦੌਰਾਨ ਇਕ ਵਿਦਿਆਰਥੀ ਕੋਲੋਂ ਸਿਗਨੇਚਰ ਕੈਪਸੂਲ ਦੇ ਕਰੀਬ ਪੱਤੇ ਬਰਾਮਦ ਹੋਏ। ਇਸ ਉਪਰੰਤ ਕਾਲਜ ਪ੍ਰਸ਼ਾਸਨ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਪੁਲਿਸ ਮੌਕੇ ’ਤੇ ਪਹੁੰਚੀ ਤੇ ਸਬੰਧਤ ਵਿਦਿਆਰਥੀ ਨੂੰ ਕੈਪਸੂਲ ਸਮੇਤ ਹਿਰਾਸਤ ’ਚ ਲੈ ਲਿਆ। ਪੁਲਿਸ ਨੇ ਬਰਾਮਦ ਸਮੱਗਰੀ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪੁਲਿਸ ਨੇ ਤਿੰਨ ਹੋਰ ਵਿਦਿਆਰਥੀਆਂ ਨੂੰ ਵੀ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਸੀ, ਪਰ ਉਨ੍ਹਾਂ ਕੋਲੋਂ ਕੁਝ ਵੀ ਕੋਈ ਗਲਤ ਸਮੱਗਰੀ ਬਰਾਮਦ ਨਾ ਹੋਣ ਕਰਕੇ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਕਾਲਜ ਪ੍ਰਬੰਧਕਾਂ ਅਨੁਸਾਰ ਉਕਤ ਵਿਦਿਆਰਥੀ ਦੇ ਖ਼ਿਲਾਫ਼ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਉਸ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਬਰਾਮਦ ਸਿਗਨੇਚਰ ਕੈਪਸੂਲ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਥਾਣਾ ਸਿਵਲ ਲਾਈਨ ਦੇ ਐੱਸਐੱਚਓ ਰਵਿੰਦਰ ਸਿੰਘ ਨੇ ਦੱਸਿਆ ਕਿ ਇਕ ਵਿਦਿਆਰਥੀ ਨੂੰ ਸਿਗਨੇਚਰ ਕੈਪਸੂਲ ਸਮੇਤ ਹਿਰਾਸਤ ’ਚ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।