ਪੰਜਾਬੀ ਯੂਨੀਵਰਸਿਟੀ ’ਚ ਇੰਟੈਲੀਜੈਂਟ ਕੋਡਿੰਗ ਵਿਸ਼ੇ ’ਤੇ ਸੈਮੀਨਾਰ
ਪੰਜਾਬੀ ਯੂਨੀਵਰਸਿਟੀ ਵਿਖੇ ਇੰਟੈਲੀਜੈਂਟ ਕੋਡਿੰਗ ਵਿਸ਼ੇ ‘ਤੇ ਸੈਮੀਨਾਰ ਕਰਵਾਇਆ
Publish Date: Tue, 21 Apr 2026 06:23 PM (IST)
Updated Date: Wed, 22 Apr 2026 04:07 AM (IST)

ਫੋਟੋ: 36 ਕੈਪਸ਼ਨ: ਪੰਜਾਬੀ ਯੂਨੀਵਰਸਿਟੀ ਵਿਚ ਮੁੱਖ ਮਹਿਮਾਨ ਡਾ. ਅਮਨਦੀਪ ਕੌਰ ਨੂੰ ਸਨਮਾਨਿਤ ਕਰਦੇ ਹੋਏ ਪ੍ਰੋਫੈਸਰ ਨਵਦੀਪ ਗੋਇਲ ਅਤੇ ਹੋਰ ਫੈਕਲਟੀ ਮੈਂਬਰ। ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਪੰਜਾਬੀ ਯੂਨੀਵਰਸਿਟੀ ਕੈਂਪਸ, ਤਲਵੰਡੀ ਸਾਬੋ ਵਿਖੇ ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਦੇ ਪਲੇਸਮੈਂਟ ਕਲੱਬ ਅਤੇ ਪੋਸਟ ਗ੍ਰੈਜੂਏਟ ਕਲੱਬ ਦੇ ਸਾਂਝੇ ਯਤਨਾਂ ਸਦਕਾ ਵਿਭਾਗ ਦੇ ਵੱਖ-ਵੱਖ ਤਕਨੀਕੀ ਕੋਰਸਾਂ ਨਾਲ ਸਬੰਧਤ ਵਿਦਿਆਰਥੀਆਂ ਲਈ ‘ਇੰਟੈਲੀਜੈਂਟ ਕੋਡਿੰਗ’ ਵਿਸ਼ੇ ‘ਤੇ ਇਕ ਮਹੱਤਵਪੂਰਨ ਸੈਮੀਨਾਰ ਕਰਵਾਇਆ ਗਿਆ। ਸੈਂਟਰਲ ਯੂਨੀਵਰਸਿਟੀ ਪੰਜਾਬ ਤੋਂ ਡਾ. ਅਮਨਦੀਪ ਕੌਰ, ਪ੍ਰੋਫੈਸਰ, ਕੰਪਿਊਟਰ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਨੇ ਇਸ ਸੈਮੀਨਾਰ ਵਿਚ ਇਕ ਵਿਸ਼ਾ ਮਾਹਿਰ ਵਜੋਂ ਸ਼ਿਰਕਤ ਕੀਤੀ। ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋਫੈਸਰ ਨਵਦੀਪ ਗੋਇਲ ਵੱਲੋਂ ਮੁੱਖ ਮਹਿਮਾਨ ਡਾ. ਅਮਨਦੀਪ ਕੌਰ ਦਾ ਸਵਾਗਤ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਤਰ੍ਹਾਂ ਦੇ ਸੈਮੀਨਾਰਾਂ ’ਚ ਉਤਸ਼ਾਹ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਆਪਣੀ ਰਸਮੀ ਗੱਲਬਾਤ ਦੌਰਾਨ ਡਾ. ਅਮਨਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਮੌਜੂਦਾ ਸਮੇਂ ਵਿੱਚ ਵੱਖ-ਵੱਖ ਕੰਪਿਊਟਰ ਪ੍ਰੋਗਰਾਮਾਂ ਦੀ ਕੋਡਿੰਗ ਲਈ ਆਰਟੀਫੀਸ਼ਲ ਇੰਟੈਲੀਜੈਂਸ ਦੇ ਵੱਖ-ਵੱਖ ਸੰਸਕਰਣਾਂ ਦੀ ਵਰਤੋਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਇਸ ਤਕਨੀਕ ਦੇ ਲਾਭਾਂ, ਇਸ ਨਾਲ ਜੁੜੇ ਨੈਤਿਕ ਮੁੱਦਿਆਂ ਅਤੇ ਲਾਗੂ ਅਨੁਸ਼ਾਸਨਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਕੈਂਪਸ ਡਾਇਰੈਕਟਰ ਪ੍ਰੋਫੈਸਰ ਅਮਨਦੀਪ ਸਿੰਘ ਵੱਲੋਂ ਆਪਣੇ ਸੁਨੇਹੇ ਰਾਹੀਂ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਸੈਮੀਨਾਰ ਦੇ ਅੰਤ ’ਚ ਪ੍ਰੋਫੈਸਰ ਬਲਰਾਜ ਸਿੰਘ ਬਰਾੜ, ਇੰਚਾਰਜ ਪਲੇਸਮੈਂਟ ਕਲੱਬ ਅਤੇ ਪ੍ਰੋਫੈਸਰ ਸਿੰਪਲ ਜਿੰਦਲ, ਇੰਚਾਰਜ ਪੋਸਟ ਗ੍ਰੈਜੂਏਟ ਕਲੱਬ ਵੱਲੋਂ ਮੁੱਖ ਮਹਿਮਾਨ ਡਾ. ਅਮਨਦੀਪ ਕੌਰ ਦਾ ਧੰਨਵਾਦ ਕੀਤਾ ਗਿਆ।