ਬੇਅਦਬੀ ਰੋਕਣ ਲਈ ਮਾਨ ਸਰਕਾਰ ਵੱਲੋਂ ਪੇਸ਼ ਕੀਤਾ ਬਿੱਲ ਇਤਿਹਾਸ ਕਦਮ:- ਮਠਾੜੂ
ਬੇਅਦਬੀ ਰੋਕਣ ਲਈ ਮਾਨ ਸਰਕਾਰ ਵੱਲੋਂ ਪੇਸ਼ ਕੀਤਾ ਬਿੱਲ ਇਤਿਹਾਸ ਕਦਮ:- ਮਠਾੜੂ
Publish Date: Tue, 21 Apr 2026 06:15 PM (IST)
Updated Date: Wed, 22 Apr 2026 04:07 AM (IST)

ਫੋਟੋ: 11 ਕੈਪਸਨ: ਰਣਜੀਤ ਸਿੰਘ ਮਠਾੜੂ ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ : ਮੌੜ ਹਲਕੇ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੂਬਾ ਉਪ ਪ੍ਰਧਾਨ ਪੰਜਾਬ ਸਾਬਕਾ ਮੁਲਾਜ਼ਮ ਵਿੰਗ ਪੰਜਾਬ ਰਣਜੀਤ ਸਿੰਘ ਮਠਾੜੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪਾਸ ਕੀਤੇ ਗਏ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026 ਦੀ ਪ੍ਰੰਸ਼ਸ਼ਾ ਕਰਦਿਆਂ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ ਤੇ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ, ਜਿਨ੍ਹਾਂ ਸਮੁੱਚੀ ਦੁਨੀਆ ਨੂੰ ਆਪਸੀ ਪਿਆਰ ਤੇ ਸਹਿਣਸ਼ੀਲਤਾ ਦਾ ਰਸਤਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਸੋਧ ਬਿਲ ਪੰਜਾਬ ਦੀ ਅਮਨ ਸ਼ਾਂਤੀ ਲਈ ਹੁਣ ਤਕ ਦਾ ਇਤਿਹਾਸਕ ਕਦਮ ਹੋਵੇਗਾ। ਨਵੇਂ ਕਾਨੂੰਨ ਤਹਿਤ ਬੇਅਦਬੀ ਦੇ ਦੋਸ਼ੀਆਂ ਲਈ ਘੱਟੋ-ਘੱਟ 10 ਸਾਲ ਦੀ ਕੈਦ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦੇ ਨਾਲ ਹੀ 5.00 ਲੱਖ ਤੋਂ 25.00 ਲੱਖ ਤੱਕ ਦੇ ਜੁਰਮਾਨਾ ਦੀ ਵੀ ਵਿਵਸਥਾ ਕੀਤੀ ਗਈ ਹੈ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ’ਚ ਰੱਖਦਿਆਂ ਹੁਣ ਇਨ੍ਹਾਂ ਕੇਸਾਂ ਦੀ ਜਾਂਚ ਡੀਐਸਪੀ ਰੈਂਕ ਤੋਂ ਘੱਟ ਅਧਿਕਾਰੀ ਵੱਲੋਂ ਨਹੀਂ ਕੀਤੀ ਜਾ ਸਕੇਗੀ। ਇਸ ਨਾਲ ਜਾਂਚ ਵਿੱਚ ਨਿਰਪੱਖਤਾ ਯਕੀਨੀ ਬਣੇਗੀ। ਇਸ ਤੋਂ ਇਲਾਵਾ ਬੇਅਦਬੀ ਕਰਨ ਵਾਲਿਆਂ ਦੇ ਨਾਲ ਨਾਲ ਉਨ੍ਹਾਂ ਦਾ ਸਾਥ ਦੇਣ ਜਾਂ ਸਾਜਿਸ਼ ਰਚਣ ਵਾਲਿਆਂ ਨੂੰ ਵੀ ਬਰਾਬਰ ਦੀ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਕੁਝ ਦੋਸ਼ੀ ਮਾਨਸਿਕ ਬਿਮਾਰੀ ਦਾ ਬਹਾਨਾ ਬਣਾ ਕੇ ਕਾਨੂੰਨ ਤੋਂ ਬਚ ਜਾਂਦੇ ਸਨ। ਪਰ ਨਵੇਂ ਬਿੱਲ ਵਿਚ ਅਜਿਹੀਆਂ ਦਲੀਲਾਂ ਨਾਲ ਸਖਤੀ ਨਾਲ ਪ੍ਰਬੰਧ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਲਈ ਸਾਂਝੇ ਰਹਿਬਰ ਹਨ। ਮਾਨ ਸਰਕਾਰ ਵੱਲੋਂ ਲਿਆਂਦਾ ਗਿਆ ਇਹ ਕਾਨੂੰਨ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦੇ ਨਾਲ ਨਾਲ ਪੰਜਾਬ ’ਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿਚ ਮਦਦ ਕਰੇਗਾ।