- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਲਾ ਰਾਖਵਾਂ ਕਰਨ ਬਿਲ ਦੀ ਆੜ ਵਿਚ ਡੀ ਲਿਮੀਟੇਸ਼ਨ ਦੀ ਸੀ ਸਾਜਿਸ਼: ਵਿਜੇ ਇੰਦਰ ਸਿੰਗਲਾ

ਕਿਹਾ, ਮਹਿਲਾ ਰਾਖਵਾਂ ਕਰਨ ਬਿਲ ਦੀ ਆੜ ਵਿਚ ਡੀ ਲਿਮੀਟੇਸ਼ਨ ਦੀ ਸੀ ਸਾਜ਼ਿਸ਼
ਫੋਟੋ: 28
ਕੈਪਸ਼ਨ: ਕਾਂਗਰਸ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ।
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਲੋਕ ਸਭਾ ਵਿਚ ਮੋਦੀ ਸਰਕਾਰ ਵੱਲੋਂ ਲਿਆਂਦੇ ਮਹਿਲਾ ਰਾਖਵਾਂ ਕਰਨ ਬਿਲ ਦਾ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿਚ ਵਿਰੋਧੀ ਧਿਰਾਂ ਵੱਲੋਂ ਡੱਟਕੇ ਵਿਰੋਧ ਕੀਤਾ ਗਿਆ, ਕਿਉਂਕਿ ਔਰਤਾਂ ਦਾ ਰਾਖਵਾਂ ਕਰਨ ਪਹਿਲਾਂ ਹੀ ਦੇਸ਼ ਦਾ ਕਾਨੂੰਨ ਬਣ ਚੁੱਕਿਆ ਹੈ, ਪਰ ਹੁਣ ਸਾਜ਼ਿਸ਼ ਤਹਿਤ ਮੋਦੀ ਸਰਕਾਰ ਇਹ ਕਾਨੂੰਨ ਲਿਆਈ, ਕਿਉਂਕਿ ਮਹਿਲਾ ਰਾਖਵਾਂਕਰਨ ਬਿੱਲ ਦੀ ਆੜ ’ਚ ਭਾਜਪਾ ਸਰਕਾਰ ਦਾ ਮੁੱਖ ਏਜੰਡਾ ਡੀਲਿਮੀਟੇਸ਼ਨ ਸੀ, ਜਿਸ ਨੂੰ ਵਿਰੋਧੀ ਧਿਰਾਂ ਨੇ ਨਕਾਰ ਦਿੱਤਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਸੀਡਬਲਯੂਸੀ ਕਮੇਟੀ ਮੈਂਬਰ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਾਂਗਰਸ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿਚ ਰੱਖੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ 2003 ਵਿਚ ਕਾਨੂੰਨ ਪਾਸ ਕਰਨ ਤੋਂ ਬਾਅਦ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਤਕਰੀਬਨ 30 ਮਹੀਨਿਆਂ ਲਈ ਇਸ ਨੂੰ ਲਾਗੂ ਕਰਨ ਵਿਚ ਦੇਰੀ ਕੀਤੀ। 16 ਅਪ੍ਰੈਲ 2026 ਨੂੰ ਕਾਨੂੰਨ ਨੋਟੀਫਾਈ ਕੀਤਾ ਗਿਆ ਤੇ ਉਸ ਦਿਨ ਲੋਕ ਸਭਾ ਦਾ ਵਿਸਥਾਰ ਕਰਨ ਸੰਸਦੀ ਹਲਕੇ ਮੁੜ ਵੰਡਣ ਅਤੇ ਪ੍ਰਤੀਨਿਧਤਾ ਬਦਲਣ ਲਈ ਨਵੇਂ ਬਿੱਲ ਪੇਸ਼ ਕੀਤੇ ਗਏ ਇਕ ਸਪਸ਼ਟ ਰਣਨੀਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿਚ ਵਿਰੋਧੀ ਧਿਰਾਂ ਵੱਲੋਂ ਇਸ ਮਾਮਲੇ ’ਤੇ ਪ੍ਰਮੁੱਖਤਾ ਨਾਲ ਆਪਣਾ ਦਾਅਵਾ ਪੇਸ਼ ਕੀਤਾ ਤੇ ਇਸ ਬਿੱਲ ਨੂੰ ਮੁੱਢੋਂ ਨਕਾਰ ਦਿੱਤਾ, ਜੋ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੈ ਤੇ ਭਾਜਪਾ ਦੀ ਸਭ ਤੋਂ ਵੱਡੀ ਹਾਰ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਭਾਜਪਾ ਦੀਆਂ ਕੋਝੀਆਂ ਹਰਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਇਹ ਬਿੱਲ ਪੰਜ ਸੂਬਿਆਂ ਦੀਆਂ ਆਉਣ ਵਾਲੀਆਂ ਮੁੱਖ ਚੋਣਾਂ ਨੂੰ ਲੈ ਕੇ ਲਿਆਂਦਾ ਗਿਆ, ਕਿਉਂਕਿ ਪੱਛਮੀ ਬੰਗਾਲ ਤੇ ਤਾਮਿਲਨਾਡੂ ਵਰਗੇ ਵੱਡੇ ਸੂਬਿਆਂ ਦੀਆਂ ਚੋਣਾਂ ਹਨ। ਉਨ੍ਹਾਂ ਕਿਹਾ ਕਿ ਪਾਪੂਲੇਸ਼ਨ ਕੰਟਰੋਲ ਵਿਚ ਪੰਜਾਬ ਨੇ ਵੱਡਾ ਰੋਲ ਨਿਭਾਇਆ ਪਰ ਹੁਣ ਡੀਲਿਮੀਟੇਸ਼ਨ ਨਾਲ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੋਣਾ ਹੈ ਪਰ ਕਾਂਗਰਸ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤ ’ਤੇ ਵੀ ਚਿੰਤਾ ਜਾਹਰ ਕਰਦਿਆਂ ਮਾਨ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸਮੇਂ ਦੀ ਲੋੜ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਅਸ਼ੋਕ ਕੁਮਾਰ, ਕੇਕੇ ਅਗਰਵਾਲ, ਕਿਰਨਜੀਤ ਸਿੰਘ ਗਹਿਰੀ, ਟਹਿਲ ਸਿੰਘ ਸੰਧੂ, ਜ਼ਿਲ੍ਹਾ ਮੀਤ ਪ੍ਰਧਾਨ ਤੇ ਪ੍ਰੈੱਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ ਬਲਜੀਤ ਸਿੰਘ, ਮਾਧਵ ਰਾਮ ਸ਼ਰਮਾ ਅਤੇ ਸੁਨੀਲ ਕੁਮਾਰ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।