ਨਿਗਮ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ, 26 ਤੱਕ ਨਾ ਕੀਤਾ ਮਸਲਾ ਹੱਲ ਤਾਂ 27 ਲੱਗੇਗਾ ਧਰਨਾ
ਝੁੱਗੀ ਝੌਂਪੜੀ ਵਾਸੀਆਂ ਵੱਲੋਂ ਬਠਿੰਡਾ ਦੀਆਂ ਝੀਲਾਂ ਵਿਚ ਗੰਦਗੀ ਫੈਲਾਉਣ ਦਾ ਮਾਮਲਾ
Publish Date: Tue, 21 Apr 2026 06:06 PM (IST)
Updated Date: Wed, 22 Apr 2026 04:05 AM (IST)

* ਝੁੱਗੀ-ਝੋਂਪੜੀ ਵਾਲਿਆਂ ਵੱਲੋਂ ਬਠਿੰਡਾ ਦੀਆਂ ਝੀਲਾਂ ’ਚ ਗੰਦਗੀ ਫੈਲਾਉਣ ਦਾ ਮਾਮਲਾ ਫੋਟੋ: 32 ਕੈਪਸ਼ਨ : ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦੇ ਹੋਏ ਵੱਖ-ਵੱਖ ਜਥੇਬੰਦੀ ਦੇ ਮੈਂਬਰ ਤੇ ਸਮਾਜ ਸੇਵੀ। ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਮਾਜ ਸੇਵੀ ਗੁਰਵਿੰਦਰ ਸ਼ਰਮਾ ਵੱਲੋਂ ਬਠਿੰਡਾ ਝੀਲਾਂ ’ਤੇ ਬੈਠੇ ਪ੍ਰਵਾਸੀ ਝੁੱਗੀ-ਝੋਂਪੜੀ ਵਾਲਿਆਂ ਵੱਲੋਂ ਪਾਣੀ ’ਚ ਗੰਦਗੀ ਫੈਲਾਉਣ ਦੇ ਮਾਮਲਾ ਉਠਾਇਆ ਗਿਆ। ਸਮਾਜ ਸੇਵੀ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਅਤੇ ਫੋਟੋਆਂ ਸਾਂਝੀਆਂ ਕਰਕੇ ਜਨਤਾ ਨੂੰ ਜਾਗਰੂਕ ਕੀਤਾ ਹੈ ਕਿ ਝੀਲ ਨੰਬਰ 1 ਤੇ 2 ਅਤੇ ਥਰਮਲ ਫਲਾਈ ਓਵਰ ਹੇਠਾਂ ਤਕਰੀਬਨ 500 ਤੋਂ ਵੱਧ ਝੁੱਗੀਆਂ ਵਾਲੇ ਲੋਕ ਆਪਣਾ ਮਲ, ਮੂਤਰ, ਟਾਇਲਟ ਅਤੇ ਮਾਸ ਆਦਿ ਝੀਲਾਂ ਦੇ ਪਾਣੀ ਵਿਚ ਸੁੱਟ ਰਹੇ ਹਨ। ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਇਹ ਝੁੱਗੀਆਂ ਵਾਲੇ ਇਸ ਸਥਾਨ ’ਤੇ ਕਬਜ਼ਾ ਕਰਕੇ ਬੈਠੇ ਹਨ ਅਤੇ ਬਿਜਲੀ ਦੇ ਨਾਜਾਇਜ਼ ਕੁਨੈਕਸ਼ਨ ਤੇ ਸਮਰਸੀਵਲ ਮੋਟਰਾਂ ਲਗਵਾ ਰੱਖੀਆਂ ਹਨ। ਇਸ ਮਾਮਲੇ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੁੱਦੇ ’ਤੇ ਬਠਿੰਡਾ ਦੀਆਂ ਸਮਾਜ ਸੇਵੀ ਜਥੇਬੰਦੀਆਂ, ਨਗਰ ਕੌਂਸਲਰਾਂ ਤੇ ਸੈਂਕੜੇ ਲੋਕ ਇਕੱਠੇ ਹੋ ਕੇ ਨਗਰ ਨਿਗਮ ਦਫਤਰ ਪਹੁੰਚੇ ਤੇ ਕਮਿਸ਼ਨਰ ਨਗਰ ਨਿਗਮ ਬਠਿੰਡਾ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਝੁੱਗੀਆਂ ਨੂੰ ਜਲਦੀ ਖਾਲੀ ਕਰਵਾਇਆ ਜਾਵੇ। ਇਸ ਦੌਰਾਨ ਸਥਾਨਕ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ 26 ਅਪ੍ਰੈਲ ਤੱਕ ਝੁੱਗੀਆਂ ਨੂੰ ਹਟਾਇਆ ਨਾ ਗਿਆ ਤਾਂ 27 ਅਪ੍ਰੈਲ ਨੂੰ ਸੰਘਰਸ਼ ਕਮੇਟੀ ਵੱਲੋਂ ਭਾਈ ਘੱਨਈਆ ਚੌਂਕ ’ਚ ਜਾਮ ਲਗਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ, ਸੋਨੂੰ ਮਹੇਸ਼ਵਰੀ, ਅੰਕਿਤ ਸਹਿਗਲ, ਸੈਕਟਰੀ ਡਾ. ਤਰਸੇਮ ਗਰਗ, ਕਿਸਾਨ ਯੂਨੀਅਨ ਆਗੂ ਜਗਤਾਰ ਗਿੱਲ, ਸਾਬਕਾ ਨਗਰ ਕੌਂਸਲਰ ਬਲਵਿੰਦਰ ਠੇਕੇਦਾਰ, ਸੰਦੀਪ ਬੋਬੀ, ਹਰਵਿੰਦਰ ਲੱਡੂ, ਹਰਮਿਲਾਪ ਗਰੇਵਾਲ, ਕੁਲਵੀਰ ਵੀਰਾ ਤੇ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ।