ਮਾਰਕੀਟ ਕਮੇਟੀ ਸੰਗਤ ਦੇ ਖ਼ਰੀਦ ਕੇਂਦਰਾਂ ’ਤੇ ਬਾਰਦਾਨਾ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ
ਮਾਰਕੀਟ ਕਮੇਟੀ ਸੰਗਤ ਦੇ ਖਰੀਦ ਕੇਂਦਰਾਂ ’ਤੇ ਬਾਰਦਾਨਾ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ
Publish Date: Tue, 21 Apr 2026 05:39 PM (IST)
Updated Date: Wed, 22 Apr 2026 04:04 AM (IST)

- ਪਹਿਲਾਂ ਪਈ ਕੁਦਰਤੀ ਮਾਰ, ਹੁਣ ਸਰਕਾਰੀ ਅਧਿਕਾਰੀਆਂ ਵੱਲੋਂ ਕਣਕ ਖਰੀਦਣ ਤੋਂ ਟਾਲ-ਮਟੋਲ - ਸੂਬਾ ਸਰਕਾਰ ਨੇ ਜਲਦੀ ਖਰੀਦ ਸ਼ੁਰੂ ਨਾ ਕੀਤੀ ਤਾਂ ਹੋਵੇਗਾ ਵੱਡਾ ਸੰਘਰਸ਼ : ਕੋਟਲੀ ਫੋਟੋ: 25 ਕੈਪਸ਼ਨ: ਖਰੀਦ ਕੇਂਦਰਾਂ ’ਚ ਲੱਗੇ ਕਣਕ ਦੀ ਫਸਲ ਦੇ ਅੰਬਾਰ। ਧਰਮਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ : ਮਾਰਕੀਟ ਕਮੇਟੀ ਸੰਗਤ ਤਹਿਤ ਪੈਂਦੇ ਖ਼ਰੀਦ ਕੇਂਦਰਾਂ ’ਤੇ ਕਣਕ ਦੇ ਅੰਬਾਰ ਲੱਗ ਗਏ ਹਨ, ਪਰ ਖ਼ਰੀਦ ਕੇਂਦਰਾਂ ’ਤੇ ਬਾਰਦਾਨਾ ਨਾ ਹੋਣ ਕਾਰਨ ਫ਼ਸਲ ਵੇਚਣ ਆਏ ਕਿਸਾਨ ਮੰਡੀਆਂ ’ਚ ਖੱਜਲ-ਖੁਆਰ ਹੋ ਰਹੇ ਹਨ। ਪਿੰਡ ਸੰਗਤ ਕਲਾਂ ਦੇ ਕਿਸਾਨ ਸੁਖਚੈਨ ਸਿੰਘ, ਜੱਸੀ ਬਾਗ਼ਵਾਲੀ ਦੇ ਕਿਸਾਨ ਗੇਜਾ ਸਿੰਘ ਤੇ ਕੋਟਗੁਰੂ ਦੇ ਰਾਮਫਲ ਸਿੰਘ ਨੇ ਦੱਸਿਆ ਕਿ ਖ਼ਰੀਦ ਕੇਂਦਰ ’ਚ ਕਣਕ ਲੈ ਕੇ ਆਇਆ ਨੂੰ ਇਕ ਹਫ਼ਤਾ ਬੀਤ ਗਿਆ ਪਰ ਅਜੇ ਤੱਕ ਕਣਕ ਦੀ ਖ਼ਰੀਦ ਨਹੀਂ ਹੋਈ ਹੈ। ਉਨ੍ਹਾਂ ਦੁਖੀ ਮਨ ਨਾਲ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕਹਿਣੀ ਤੇ ਕਰਨੀ ’ਚ ਬਹੁਤ ਫਰਕ ਹੈ ਤੇ ਇਹ ਸਰਕਾਰ ਸਭ ਤੋਂ ਫੇਲ੍ਹ ਸਰਕਾਰ ਸਾਬਤ ਹੋਈ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੇਂਦਰਾਂ ’ਚ ਮੱਛਰਾਂ ਕਾਰਨ ਜਿਥੇ ਕਿਸਾਨਾਂ ਦੀ ਰਾਤ ਔਖੀ ਲੰਘਦੀ ਹੈ, ਉੱਥੇ ਮਜ਼ਦੂਰਾਂ ਦਾ ਵੀ ਬੁਰਾ ਹਾਲ ਹੈ, ਜੋ ਕਣਕ ਦੀ ਤੁਲਾਈ ਕਰਨ ਲਈ 1 ਅਪ੍ਰੈਲ ਤੋਂ ਖਰੀਦ ਕੇਂਦਰਾਂ ’ਚ ਪਹੁੰਚ ਗਏ ਸਨ ਪ੍ਰੰਤੂ ਅੱਧੇ ਤੋਂ ਵੱਧ ਮਹੀਨਾ ਬੀਤਣ ਤੋਂ ਬਾਅਦ ਵੀ ਕਣਕ ਦੀ ਸਰਕਾਰੀ ਖਰੀਦ ਹਾਲੇ ਤਕ ਸ਼ੁਰੂ ਨਹੀਂ ਹੋਈ, ਜਿਸ ਕਾਰਨ ਉਹ ਕਮਾਈ ਦੀ ਥਾਂ ਆਪਣੀ ਜੇਬ ’ਚੋਂ ਖਰਚਾ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾਅਵੇ ਕਰ ਰਹੀ ਹੈ ਕਿ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ ਪ੍ਰੰਤੂ ਸੰਗਤ ਦੇ ਖਰੀਦ ਕੇਂਦਰਾਂ ’ਚ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਕ ਵੀ ਦਾਣਾ ਕਣਕ ਦੀ ਖਰੀਦ ਨਹੀਂ ਹੋਈ, ਸਗੋਂ ਖਰੀਦ ਕੇਂਦਰਾਂ ’ਚ ਕਣਕ ਦੇ ਅੰਬਾਰ ਲੱਗ ਚੁੱਕੇ ਹਨ ਅਤੇ ਕਣਕ ਦੀ ਤੁਲਾਈ ਨਾ ਹੋਣ ਕਾਰਨ ਖਰੀਦ ਕੇਂਦਰਾਂ ਵਿਚ ਕਣਕ ਰੱਖਣ ਦੀ ਕੋਈ ਥਾਂ ਬਾਕੀ ਨਹੀਂ ਬਚੀ ਹੈ, ਜਿਸ ਕਾਰਨ ਬਹੁਤੇ ਕਿਸਾਨ ਆਪਣੇ ਘਰਾਂ ਵਿੱਚ ਕਣਕ ਰੱਖਣ ਲਈ ਮਜ਼ਬੂਰ ਹੋ ਰਹੇ ਹਨ ਅਤੇ ਖਰੀਦ ਕੇਂਦਰਾਂ ਵਿਚ ਕਣਕ ਦੁਬਾਰਾ ਲਿਆਉਣ ਲਈ ਕਿਸਾਨਾਂ ਨੂੰ ਦੋਹਰੀ ਮੁਸ਼ੱਕਤ ਕਰਨੀ ਪਵੇਗੀ। ਉਨ੍ਹਾਂ ਦੱਸਿਆ ਕਿ ਉਪਰੋਂ ਮੌਸਮ ਵੀ ਖਰਾਬ ਹੋ ਰਿਹਾ ਹੈ, ਜੇਕਰ ਇਸ ਸਮੇਂ ਮੀਂਹ ਪੈ ਗਿਆ ਤਾਂ ਕਣਕ ਦਾ ਬਹੁਤ ਜਿਆਦਾ ਨੁਕਸਾਨ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਸਾਬੋ ਨੇ ਕਿਹਾ ਕਿ ਜਿਹੜੇ ਸੂਬਿਆਂ ਵਿਚ ਭਾਜਪਾ ਸਰਕਾਰਾਂ ਹਨ, ਉਥੇ ਕਣਕ ਖਰੀਦ ਦੇ ਮਾਪ ਦੰਡਾਂ ’ਚ ਵੱਡੀ ਢਿੱਲ ਦਿੱਤੀ ਹੈ, ਪਰ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਕਣਕ ਖ਼ਰੀਦਣ ਦੀ ਬਜਾਏ ਬੇਲੋੜੀਆਂ ਸ਼ਰਤਾਂ ਲਗਾ ਕੇ ਕਣਕ ਖਰੀਦਣ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਬੇ-ਮੌਸਮੇ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਪਹਿਲਾਂ ਹੀ ਕਣਕ ਬਰਬਾਦ ਕਰ ਦਿੱਤੀ ਪ੍ਰੰਤੂ ਸੂਬਾ ਸਰਕਾਰ ਨੇ ਕਿਸਾਨਾਂ ਅਜੇ ਤੱਕ ਇੱਕ ਪੈਸੇ ਦੇ ਮੁਆਵਜ਼ੇ ਦਾ ਐਲਾਨ ਵੀ ਨਹੀਂ ਕੀਤਾ। ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਕਣਕ ਖਰੀਦਣ ’ਚ ਹੋਰ ਦੇਰੀ ਕੀਤੀ ਗਈ ਤਾਂ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਮਾਰਕੀਟ ਕਮੇਟੀ ਸੰਗਤ ਦੇ ਸਕੱਤਰ ਜਗਜੀਵਨ ਸਿੰਘ ਨੇ ਦੱਸਿਆ ਕਿ ਸੰਗਤ ਮੰਡੀ ਦੇ ਖਰੀਦ ਕੇਂਦਰਾਂ ’ਤੇ ਪਨਗ੍ਰੇਨ, ਪਨਸ਼ਪ, ਵੇਅਰਹਾਊਸ ਅਤੇ ਮਾਰਕਫੈੱਡ ਵੱਲੋਂ ਖਰੀਦ ਕਣਕ ਦੀ ਕੀਤੀ ਜਾ ਰਹੀ ਹੈ ਪ੍ਰੰਤੂ ਇਕਦਮ ਕਣਕ ਜਿਆਦਾ ਆ ਜਾਣ ਕਾਰਨ ਮੰਡੀਆਂ ’ਚ ਤੁਲਾਈ ਅਤੇ ਚੁਕਾਈ ਦੀ ਰਫ਼ਤਾਰ ਤੇਜ ਕਰਵਾਈ ਜਾਵੇਗੀ। ਖ਼ਰੀਦ ਏਜੰਸੀ ਮਾਰਕਫੈੱਡ ਦੇ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ 15 ਅਪ੍ਰੈਲ ਤੋਂ ਕਣਕ ਦੀ ਬੋਲੀ ਸ਼ੁਰੂ ਕਰਵਾਈ ਗਈ ਹੈ ਪ੍ਰੰਤੂ ਵਾਰਦਾਨੇ ਕਮੀ ਕਾਰਨ ਤੁਲਾਈ ਕਰਨ ’ਚ ਥੋੜੀ ਦੇਰ ਹੋ ਰਹੀ ਹੈ।