ਤੀਰਅੰਦਾਜ਼ ਪ੍ਰਗਤੀ ਨੇ ਜਿੱਤਿਆ ਸੋਨ ਤਗਮਾ
ਗੁਰੂ ਕਾਸ਼ੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪ੍ਰਗਤੀ ਨੇ ਜਿੱਤਿਆ ਸੋਨ ਤਗਮਾ
Publish Date: Tue, 21 Apr 2026 05:24 PM (IST)
Updated Date: Wed, 22 Apr 2026 04:04 AM (IST)

ਫੋਟੋ: 10 ਕੈਪਸ਼ਨ: ਗੁਰੂ ਕਾਸ਼ੀ ਯੂਨੀਵਰਸਿਟੀ ਦੀ ਤੀਰਅੰਦਾਜ ਪ੍ਰਗਤੀ। ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੀ ਤੀਰਅੰਦਾਜ਼ ਵਿਦਿਆਰਥਣ ਪ੍ਰਗਤੀ ਨੇ ਮੈਕਸੀਕੋ ਸ਼ਹਿਰ ਵਿਖੇ ਹੋਏ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਟੀਮ ਇੰਵੈਂਟ ਵਿਚ ਸੋਨ ਤਗਮਾ ਹਾਸਲ ਕੀਤਾ। ਖਿਡਾਰਨ ਦੀ ਇਸ ਪ੍ਰਾਪਤੀ ’ਤੇ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਵਧਾਈ ਦਿੰਦਿਆਂ ਖਿਡਾਰਨਾਂ ਨੂੰ ਵਿਸ਼ਵ ਕੱਪ ਦੇ ਸਟੇਜ-2 ਅਤੇ ਸਟੇਜ-3 ਲਈ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਉਹਨਾਂ ਕਿਹਾ ਕਿ ਤੀਰਅੰਦਾਜ਼ੀ ਦੀ ਇਸ ਪ੍ਰਾਪਤੀ ਨੇ ਇਲਾਕੇ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵਿਸ਼ਵ ਕੱਪ ਵਿਚ ਹੋਏ ਇਸ ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਸਪੋਰਟਸ (ਡਾ.) ਬਲਵਿੰਦਰ ਸ਼ਰਮਾ ਨੇ ਦੱਸਿਆ ਕਿ ਪ੍ਰਗਤੀ ਨੇ ਆਪਣੀਆਂ ਸਾਥੀ ਖਿਡਾਰਨਾਂ ਜੋਤੀ, ਸੁਰੇਖਾ ਵੇਨਮ ਤੇ ਮਧੁਰਾ ਧਮਨਗਾਂਵਕਰ ਦੀ ਟੀਮ ਨਾਲ ਕੰਪਾਉਂਡ ਟੀਮ ਮੁਕਾਬਲੇ ਵਿਚ ਅਮਰੀਕਾ ਨੂੰ 233-232 ਦੇ ਅੰਕਾਂ ਨਾਲ ਹਰਾ ਕੇ ਸੋਨ ਤਗਮੇ ’ਤੇ ਕਬਜ਼ਾ ਕੀਤਾ। ਇਹ ਭਾਰਤ ਲਈ ਟੀਮ ਇਵੈਂਟ ਵਿਚ ਇਸ ਸੀਜ਼ਨ ਦਾ ਪਹਿਲਾਂ ਸੋਨ ਤਗਮਾ ਹੈ। ਉਨ੍ਹਾ ਦੱਸਿਆ ਕਿ ਮਹਿਲਾ ਕੰਪਾਉਂਡ ਦੇ ਕਰੀਬੀ ਫਾਇਨਲ ਮੁਕਾਬਲੇ ਵਿਚ ਭਾਰਤ ਨੇ ਆਪਣਾ ਸ਼ੁਰੂਆਤੀ ਫਾਇਦਾ ਗੁਆ ਲਿਆ ਸੀ, ਪਰ ਦੂਜੇ ਅਤੇ ਤੀਜੇ ਰਾਉਂਡ ਦੇ ਹੰਭਲੇ ਵਿੱਚ ਭਾਰਤ ਨੇ 114-117 ਅਤੇ 173-174 ਅੰਕਾਂ ਨਾਲ ਸੰਘਰਸ਼ ਕੀਤਾ। ਆਖਰੀ ਚੌਥੇ ਰਾਉਂਡ ਵਿਚ ਭਾਰਤੀ ਟੀਮ ਨੇ ਹਿੰਮਤ ਬਣਾਈ ਰੱਖਦਿਆਂ ਹੋਇਆ ਸੰਪੂਰਨ (60/60) ਅੰਕ ਹਾਸਲ ਕੀਤੇ ਤੇ ਛੇ ਤੀਰ ਲਗਾਤਾਰ ਨਿਸ਼ਾਨੇ ’ਤੇ ਲਗਾ ਕੇ ਅਮਰੀਕਾ ਨੂੰ ਇਕ ਅੰਕ ਤੇ ਅੰਤਰ ਨਾਲ ਹਰਾਇਆ।