ਮੁੱਖ ਮੰਤਰੀ ਸਿਹਤ ਯੋਜਨਾ ਹੇਠ 1.91 ਲੱਖ ਲਾਭਪਾਤਰੀ ਰਜਿਸਟਰ, 12,578 ਲੋਕਾਂ ਨੇ ਲਿਆ ਮੁਫ਼ਤ ਇਲਾਜ ਦਾ ਲਾਭ
1.91 ਲੱਖ ਲਾਭਪਾਤਰੀ ਯੋਜਨਾ ਹੇਠ ਰਜਿਸਟਰ, 12,578 ਲੋਕਾਂ ਨੇ ਲਿਆ ਮੁਫ਼ਤ ਇਲਾਜ ਦਾ ਲਾਭ
Publish Date: Tue, 21 Apr 2026 05:23 PM (IST)
Updated Date: Wed, 22 Apr 2026 04:04 AM (IST)

* ਐਡਵਾਂਸ ਕੈਂਸਰ ਕੇਂਦਰ ਦੇ 2,068 ਮਰੀਜ਼ਾਂ ਦਾ ਹੋਇਆ ਮੁਫ਼ਤ ਇਲਾਜ ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ, ਜਿਸ ਹੇਠ ਲੋਕਾਂ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਮਿਲ ਰਹੀ ਹੈ। ਜ਼ਿਲ੍ਹਾ ਬਠਿੰਡਾ ਚ ਹੁਣ ਤੱਕ 1,91,007 ਲੋਕ ਇਸ ਯੋਜਨਾ ਹੇਠ ਲਾਭਪਾਤਰੀ ਵਜੋਂ ਰਜਿਸਟਰ ਹੋ ਚੁੱਕੇ ਹਨ, ਜਦਕਿ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ 12,578 ਮਰੀਜ਼ ਇਸ ਦਾ ਲਾਭ ਲੈ ਚੁੱਕੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਇਸ ਸਬੰਧੀ ਬੁਲਾਈ ਗਈ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਐਡਵਾਂਸ ਕੈਂਸਰ ਕੇਅਰ ਇੰਸਟੀਚਿਊਟ ਬਠਿੰਡਾ ਵਿਚ 2,068 ਮਰੀਜ਼ਾਂ ਦਾ ਇਸ ਯੋਜਨਾ ਹੇਠ ਮੁਫ਼ਤ ਇਲਾਜ ਕੀਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਦੇ 13 ਸਰਕਾਰੀ ਹਸਪਤਾਲਾਂ ਵਿੱਚ ਕੁੱਲ 5,584 ਮਰੀਜ਼ਾਂ ਨੂੰ ਮੁਫ਼ਤ ਇਲਾਜ ਪ੍ਰਦਾਨ ਕੀਤਾ ਗਿਆ ਹੈ। ਇਨ੍ਹਾਂ ਵਿਚ ਜ਼ਿਲ੍ਹਾ ਹਸਪਤਾਲ ਬਠਿੰਡਾ, ਸਬ ਡਿਵੀਜ਼ਨ ਹਸਪਤਾਲ ਰਾਮਪੁਰਾ, ਤਲਵੰਡੀ ਸਾਬੋ ਅਤੇ ਘੁੱਦਾ ਸ਼ਾਮਲ ਹਨ। ਇਸ ਤੋਂ ਇਲਾਵਾ ਕਮਿਊਨਿਟੀ ਹੈਲਥ ਸੈਂਟਰ ਗੋਨਿਆਣਾ, ਰਾਮਾਂ, ਸੰਗਤ, ਭਗਤਾ, ਬਾਲਿਆਂਵਾਲੀ, ਮੌੜ, ਮਹਿਰਾਜ, ਨਥਾਣਾ ਅਤੇ ਭੁੱਚੋ ਵਿੱਚ ਵੀ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਲਾਭਪਾਤਰੀ ਵਜੋਂ ਰਜਿਸਟਰ ਕੀਤਾ ਜਾਵੇ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਇਸ ਯੋਜਨਾ ਦਾ ਫ਼ਾਇਦਾ ਮਿਲ ਸਕੇ। ਕੋਈ ਵੀ ਵਿਅਕਤੀ ਆਪਣੇ ਨੇੜਲੇ ਸਰਕਾਰੀ ਹਸਪਤਾਲ ਜਾਂ ਕਾਮਨ ਸਰਵਿਸ ਸੈਂਟਰ ਵਿਚ ਵੋਟਰ ਆਈ ਕਾਰਡ ਅਤੇ ਆਧਾਰ ਕਾਰਡ ਨਾਲ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਹਰ ਪਰਿਵਾਰ ਵਿੱਚੋਂ ਘੱਟੋ-ਘੱਟ 18 ਸਾਲ ਤੋਂ ਉੱਪਰ ਦੇ ਦੋ ਮੈਂਬਰਾਂ ਦਾ ਜਾਣਾ ਲਾਜ਼ਮੀ ਹੈ। 18 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਜਨਮ ਸਰਟੀਫਿਕੇਟ ਦੇਣਾ ਹੋਵੇਗਾ।