ਕਣਕ ਦੀ ਕਟਾਈ ਕਾਰਨ ਵਾਤਾਵਰਣ ਪ੍ਰਦੂਸ਼ਿਤ, ਹਸਪਤਾਲਾਂ ’ਚ ਲੱਗਣ ਲੱਗੀਆਂ ਮਰੀਜ਼ਾਂ ਦੀਆਂ ਕਤਾਰਾਂ
ਕਣਕ ਦੀ ਕਟਾਈ ਕਾਰਨ ਵਾਤਾਵਰਣ ਪ੍ਰਦੂਸ਼ਿਤ, ਹਸਪਤਾਲਾਂ ਵਿਚ ਲੱਗਣ ਲੱਗੀਆਂ ਮਰੀਜ਼ਾਂ ਦੀਆਂ ਕਤਾਰਾਂ
Publish Date: Tue, 21 Apr 2026 05:22 PM (IST)
Updated Date: Wed, 22 Apr 2026 04:02 AM (IST)

* ਬੁਖਾਰ, ਉਲਟੀਆਂ-ਦਸਤ, ਚਮੜੀ ਦੀ ਐਲਰਜੀ, ਅੱਖਾਂ ਦੀ ਜਲਨ ਦੇ ਮਰੀਜ਼ਾਂ ਦੀ ਗਿਣਤੀ ਵਿਚ ਹੋਇਆ ਬੇਸ਼ੁਮਾਰ ਵਾਧਾ * ਹਵਾ ਵਿਚ ਵੱਡੀ ਮਾਤਰਾ ’ਚ ਸ਼ਾਮਲ ਹੋਏ ਧੂੜ ਮਿੱਟੀ ਦੇ ਕਣ ਫੋਟੋ:2,3 ਕੈਪਸ਼ਨ: ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਆਏ ਮਰੀਜ਼ਾਂ ਦੀਆਂ ਲੱਗੀਆਂ ਕਤਾਰਾਂ ਕੈਪਸ਼ਨ: ਤਲਵੰਡੀ ਸਾਬੋ ਸਿਵਲ ਹਸਪਤਾਲ ਵਿਚ ਬੱਚੇ ਦਾ ਚੈੱਕ ਅਪ ਕਰਦੇ ਹੋਏ ਡਾਕਟਰ ਰਵੀਕਾਂਤ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਕਣਕ ਦੀ ਕਟਾਈ ਬਾਅਦ ਹੁਣ ਕਿਸਨਾਂ ਨੇ ਤੂੜੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਕਾਰਨ ਵਾਤਾਵਰਣ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਿਆ ਹੈ। ਇਸਦੇ ਨਾਲ ਹੀ ਹੀਟਵੇਵ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕਣਕ ਦੀ ਕਟਾਈ ਕਾਰਨ ਧੂੜ ਮਿੱਟੀ ਦੇ ਕਣ ਵੱਡੀ ਮਾਰਤਾ ਵਿਚ ਹਵਾ ਵਿਚ ਦਾਖਲ ਹੋ ਗਏ। ਇਸ ਕਾਰਨ ਬਠਿੰਡਾ ਵਿਚ ਗਰਮੀ ਆਪਣੇ ਸ਼ਿਖਰ ’ਤੇ ਪਹੁੰਚ ਚੁੱਕੀ ਹੈ। ਮੌਸਮ ਦੇ ਇਸ ਵਿਗੜੇ ਹੋਏ ਮਿਜ਼ਾਜ਼ ਕਾਰਨ ਲੋਕ ਲਗਾਤਾਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਵਾਇਰਲ ਬੁਖਾਰ, ਉਲਟੀਆਂ-ਦਸਤ, ਚਮੜੀ ਦੀ ਐਲਰਜੀ ਅਤੇ ਅੱਖਾਂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜੇਕਰ ਗੱਲ ਕਰੀਏ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਦੀ ਤਾਂ ਐਮਡੀ ਮੈਡੀਸਨ ਡਾਕਟਰਾਂ ਦੀ ਓਪੀਡੀ ਵਿਚ ਜ਼ਿਆਦਾ ਮਰੀਜ਼ ਪਹੁੰਚ ਰਹੇ ਹਨ। ਇਨ੍ਹਾਂ ਵਿਚ 50 ਤੋਂ 60 ਫੀਸਦੀ ਮਰੀਜ਼ ਚਮੜੀ, ਅੱਖਾਂ ਦੀ ਜਲਨ ਅਤੇ ਵਾਇਰਲ ਇਨਫੈਕਸ਼ਨ ਕਾਰਨ ਆ ਰਹੇ ਹਨ। ਹੀਟ ਵੇਵ ਕਾਰਨ ਸਰੀਰ ਵਿਚ ਦਰਦ, ਬਦਨ ਦਰਦ ਅਤੇ ਦਸਤ ਦੀ ਸਮੱਸਿਆ ਵੱਧਦੀ ਜਾ ਰਹੀ ਹੈ, ਜਦੋਂ ਕਿ ਦਮਾ, ਸਾਹ ਦੇ ਮਰੀਜ਼ਾਂ ਲਈ ਪ੍ਰਦੂਸ਼ਿਤ ਵਾਤਾਵਰਣ ਬੇਹੱਦ ਮਾੜਾ ਸਾਬਤ ਹੋ ਰਿਹਾ ਹੈ। ਰੋਜ਼ਾਨਾ ਅਜਿਹੀਆਂ ਬਿਮਾਰੀਆਂ ਤੋਂ ਪੀੜਤ 20-25 ਦੇ ਕਰੀਬ ਮਰੀਜ਼ ਆ ਰਹੇ ਹਨ, ਜਿਸ ਵਿਚ ਜਿਆਦਾਤਰ ਬੱਚੇ ਅਤੇ ਬਜ਼ੁਰਗ ਸ਼ਾਮਲ ਹਨ। ਡਾਕਟਰਾਂ ਅਨੁਸਾਰ ਅਜਿਹੀ ਸਥਿਤੀ ਵਿਚ ਸਫਾਈ ਦਾ ਧਿਆਨ ਰੱਖਣ ਦੀ ਲੋੜ ਹੈ। ਜੇਕਰ ਬੁਖਾਰ ਸਿਰਫ ਵਾਇਰਲ ਇਨਫੈਕਸ਼ਨ ਕਾਰਨ ਹੁੰਦਾ ਹੈ ਤਾਂ ਇਸ ਨੂੰ ਪੈਰਾਸੀਟਾਮੋਲ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫੇਫੜਿਆਂ ਦੀ ਇਨਫੈਕਸ਼ਨ ਦੇ ਮਾਮਲੇ ਵੀ ਹਸਪਤਾਲ ਪਹੁੰਚ ਰਹੇ ਹਨ। ਹਸਪਤਾਲ ਵਿਚ ਰੋਜ਼ਾਨਾ 15-20 ਅੱਖਾਂ ਦੇ ਮਰੀਜ਼ ਆ ਰਹੇ ਹਨ। ਗਰਮੀ ਦੇ ਕਾਰਨ ਅੱਖਾਂ ਦੀਆਂ ਬਿਮਾਰੀਆਂ ਜਿਵੇਂ ਖੁਜਲੀ ਅਤੇ ਜਲਣ ਵੀ ਜ਼ਿਆਦਾਤਰ ਸਾਹਮਣੇ ਆ ਰਹੀਆਂ ਹਨ । ਡਾਕਟਰਾਂ ਅਨੁਸਾਰ ਇਸ ਤੋਂ ਬਚਣ ਲਈ ਕਾਲੇ ਚਸ਼ਮੇ ਪਾ ਕੇ ਹੀ ਧੁੱਪ ਵਿਚ ਨਿਕਲੋ। ਨਿਮੋਨੀਆ ਕਾਰਨ ਮਰੀਜ਼ ਨੂੰ ਕਈ ਵਾਰ ਦਾਖਲ ਕਰਵਾਉਣਾ ਪੈਂਦਾ ਹੈ। ਡਾਕਟਰ ਮਰੀਜ਼ਾਂ ਨੂੰ ਸਲਾਹ ਦਿੰਦੇ ਹਨ ਕਿ ਅਜਿਹੇ ਮੌਸਮ ਵਿਚ ਵੱਧ ਤੋਂ ਵੱਧ ਤਰਲ ਪਦਾਰਥ ਪੀਣਾ ਸਭ ਤੋਂ ਜ਼ਰੂਰੀ ਹੈ। ਬੱਚਿਆਂ ਨੂੰ ਸਫਾਈ ਬਾਰੇ ਦੱਸੋ, ਬਾਹਰ ਦਾ ਖਾਣਾ ਨਾ ਖਾਓ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਅਰੁਣ ਬਾਂਸਲ ਨੇ ਦੱਸਿਆ ਹੈ ਕਿ ਗਰਮੀ ਦੇ ਮੌਸਮ ਚ ਡੀਹਾਈਡ੍ਰੇਸ਼ਨ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਅਜਿਹੇ ਚ ਬੱਚਿਆਂ ਨੂੰ ਨਾ ਸਿਰਫ ਸਫਾਈ ਬਾਰੇ ਸਮਝਾਓ, ਸਗੋਂ ਬਾਹਰ ਦਾ ਖਾਣਾ ਦੇਣ ਤੋਂ ਵੀ ਬਚੋ। ਦਿਨ ਵੇਲੇ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਆਦਿ ਦਾ ਸੇਵਨ ਜ਼ਰੂਰ ਕਰੋ। ਤਾਪਮਾਨ ਵਿਚ ਤਬਦੀਲੀਆਂ ਤੋਂ ਬਚਣ ਲਈ, ਧਿਆਨ ਰੱਖੋ ਕਿ ਏਸੀ ਤੋਂ ਨਿਕਲ ਕੇ ਸਿੱਧੀ ਧੁੱਪ ਵਿੱਚ ਜਾਣ ਤੋਂ ਗੁਰੇਜ਼ ਕਰੋ। ਘਰ ਦੀਆਂ ਖਿੜਕੀਆਂ ਖੁੱਲ੍ਹੀਆਂ ਰੱਖੋ, ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਾਓ, ਸਿੱਧੀ ਧੁੱਪ ਤੋਂ ਬਚਣ ਲਈ ਛੱਤਰੀ, ਟੋਪੀ ਅਤੇ ਐਨਕਾਂ ਦੀ ਵਰਤੋਂ ਕਰੋ। ਵਾਰ-ਵਾਰ ਪਾਣੀ ਪੀ ਕੇ ਆਪਣੇ ਆਪ ਨੂੰ ਹਾਈਡਰੇਟ ਰੱਖੋ, ਵੱਧ ਤੋਂ ਵੱਧ ਤਰਲ ਪਦਾਰਥ, ਫਲ ਅਤੇ ਸਲਾਦ ਦਾ ਸੇਵਨ ਕਰੋ। ਨਾਲ ਹੀ, ਬੱਚਿਆਂ ਅਤੇ ਬਜ਼ੁਰਗਾਂ ਸਮੇਤ, ਅਲਕੋਹਲ, ਕੈਫੀਨ ਅਤੇ ਮਿੱਠੇ ਵਾਲੇ ਪੀਣ ਵਾਲੇ ਪਦਾਰਥਾਂ ਨੂੰ ਨਾ ਪੀਓ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੌਸਮ ਵਿਚ ਧੂੜ ਮਿੱਟੀ ਦੇ ਕਣ ਵੱਡੀ ਮਾਤਰਾ ਵਿਚ ਸ਼ਾਮਲ ਹੋ ਗਏ, ਇਸ ਲਈ ਹੋ ਸਕੇ ਤਾਂ ਮਾਸਕ ਦੀ ਵਰਤੋਂ ਕਰੋ। ਉਲਟੀਆਂ ਤੇ ਦਸਤ ਨਾਲ ਲੋਕ ਹੋ ਰਹੇ ਹਨ ਪੀਲੀਏ ਦੇ ਸ਼ਿਕਾਰ : ਡਾ. ਗੁਪਤਾ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਡਾ. ਰਵੀਕਾਂਤ ਗੁਪਤਾ ਨੇ ਦੱਸਿਆ ਕਿ ਪੀਲੀਆ ਆਮ ਤੌਰ ਤੇ ਬਰਸਾਤ ਦੇ ਮੌਸਮ ਦੌਰਾਨ ਹੁੰਦਾ ਹੈ, ਪਰ ਇਸ ਵਾਰ ਪੀਲੀਆ ਵਰਗੀਆਂ ਬਿਮਾਰੀਆਂ ਦੇ ਮਰੀਜ਼ ਗਰਮੀਆਂ ਦੇ ਮੌਸਮ ਦੌਰਾਨ ਹੀ ਦੇਖਣ ਨੂੰ ਮਿਲ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਗਰਮੀਆਂ ਵਿਚ ਪਾਣੀ ਜਲਦੀ ਪ੍ਰਦੂਸ਼ਿਤ ਹੋ ਜਾਂਦਾ ਹੈ। ਮਰੀਜ਼ ਉਲਟੀਆਂ, ਦਸਤ ਅਤੇ ਡੀਹਾਈਡਰੇਸ਼ਨ ਤੋਂ ਪੀੜਤ ਹਨ। ਅਜਿਹੇ ਚ ਜੇਕਰ ਦੂਸ਼ਿਤ ਭੋਜਨ ਜਾਂ ਪਾਣੀ ਦਾ ਸੇਵਨ ਕੀਤਾ ਜਾਵੇ ਤਾਂ ਪੀਲੀਆ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਗਰਮੀਆਂ ਵਿਚ ਪੀਲੀਆ ਬੱਚਿਆਂ ਅਤੇ ਵੱਡਿਆਂ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ। ਪੀਲੀਆ ਨੂੰ ਹੈਪੇਟਾਈਟਸ ਏ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੂੰ ਪੀਲੀਆ ਹੁੰਦਾ ਹੈ, ਉਨ੍ਹਾਂ ਨੂੰ ਘਰ ਵਿਚ ਆਰਾਮ ਕਰਨਾ ਚਾਹੀਦਾ ਹੈ ਅਤੇ ਨਿਯਮਤ ਚੈਕਅੱਪ ਕਰਵਾਉਣਾ ਚਾਹੀਦਾ ਹੈ। ਪੀਲੀਆ ਤੋਂ ਪੀੜਤ ਬੱਚੇ ਜੋ ਹਸਪਤਾਲ ਵਿਚ ਆਉਂਦੇ ਹਨ, ਉਨ੍ਹਾਂ ਵਿਚ ਭੁੱਖ ਨਾ ਲੱਗਣਾ, ਬੁਖਾਰ ਦੇ ਨਾਲ-ਨਾਲ ਪੇਟ ਦਰਦ ਅਤੇ ਉਲਟੀਆਂ ਆਦ ਲੱਛਣ ਦੇਖਣ ਨੂੰ ਮਿਲਦੇ ਹਨ । ਗਰਮੀ ਅਤੇ ਸਨਸਟ੍ਰੋਕ ਤੋਂ ਬਚਣ ਲਈ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤਕ ਬੇਲੋੜਾ ਬਾਹਰ ਨਾ ਨਿਕਲੋ। ਸਿਵਲ ਹਸਪਤਾਲ ਦੇ ਮੈਡੀਸਨ ਵਿਭਾਗ ਦੇ ਐੱਮਡੀ ਡਾਕਟਰ ਦਾ ਕਹਿਣਾ ਹੈ ਇਕ ਤਾਂ ਵਾਤਾਵਰਣ ’ਚ ਧੂੜ ਮਿੱਟੀ ਦੇ ਕਣ ਜਮਾਂ ਹੋ ਗਏ ਜਦੋਂ ਕਿ ਵਧੀ ਹੋਈ ਗਰਮੀ ਕਾਰਨ ਅਕਸਰ ਸਰੀਰ ’ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਲਈ ਆਪਣੇ ਸਰੀਰ ਨੂੰ ਹਾਈਡਰੇਟ ਰੱਖਣ ਲਈ ਭਰਪੂਰ ਮਾਤਰਾ ’ਚ ਪਾਣੀ ਪੀਓ। ਇਨ੍ਹੀਂ ਦਿਨੀਂ ਮੌਸਮ ’ਚ ਉਤਰਾਅ-ਚੜ੍ਹਾਅ ਜਾਰੀ ਹੈ। ਡਾਕਟਰ ਅਨੁਸਾਰ ਗਰਮੀ ਦੀ ਲਹਿਰ ਦੌਰਾਨ ਗੰਭੀਰ ਸਿਰ ਦਰਦ, ਬੇਹੋਸ਼ੀ, ਉਲਟੀ ਤੇ ਜੀ ਮਚਲਾਉਣਾ, ਬਹੁਤ ਜ਼ਿਆਦਾ ਪਿਆਸ, ਗੂੜ੍ਹਾ ਪੀਲਾ ਪਿਸ਼ਾਬ ਜਾਂ ਤੇਜ਼ ਸਾਹ ਲੈਣ ਦਾ ਅਨੁਭਵ ਕਰਦੇ ਹੋ ਤਾਂ ਧਿਆਨ ਰੱਖੋ ਕਿ ਇਹ ਗਰਮੀ ਕਾਰਨ ਪੈਦਾ ਹੋ ਰਹੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤਰ੍ਹਾਂ ਦੇ ਮੌਸਮ ਵਿੱਚ ਦਸਤ ਅਤੇ ਪੀਲੀਆ ਦਾ ਖ਼ਤਰਾ ਵੱਧ ਗਿਆ ਹੈ। ਓਪੀਡੀ ’ਚ 150 ਤੋਂ 200 ਮਰੀਜ਼ ਇਲਾਜ ਲਈ ਆ ਰਹੇ ਹਨ, ਜਿਨ੍ਹਾਂ ’ਚੋਂ 30 ਤੋਂ 35 ਮਰੀਜ਼ਾਂ ਵਿਚ ਉਲਟੀਆਂ, ਦਸਤ ਅਤੇ ਪੀਲੀਆ ਵਰਗੇ ਲੱਛਣ ਪਾਏ ਜਾ ਰਹੇ ਹਨ।