ਸਿਹਤ ਵਿਭਾਗ ਸਕੂਲਾਂ 'ਚ ਹੀ ਚੈੱਕ ਕਰੇਗਾ ਬੱਚਿਆਂ ਦੀਆਂ ਐਨਕਾਂ ਦੇ ਨੰਬਰ
ਸਿਹਤ ਵਿਭਾਗ ਵੱਲੋਂ ਨਵੀਂ ਪਹਿਲ, ਬੱਚਿਆਂ ਨੂੰ ਹਸਪਤਾਲ
Publish Date: Sun, 19 Apr 2026 06:20 PM (IST)
Updated Date: Mon, 20 Apr 2026 04:07 AM (IST)
-ਸਿਹਤ ਵਿਭਾਗ ਦੀ ਪਹਿਲ ਸਦਕਾ ਬੱਚਿਆਂ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਸਕੂਲੀ ਬੱਚਿਆਂ ਵਿੱਚ ਨਜ਼ਰ ਦੀ ਕਮਜ਼ੋਰੀ ਅਤੇ ਅੰਨ੍ਹੇਪਣ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਿਹਤ ਵਿਭਾਗ ਬਠਿੰਡਾ ਵੱਲੋਂ ਇਕ ਅਹਿਮ ਕਦਮ ਚੁੱਕਿਆ ਹੈ। ਸਿਵਲ ਸਰਜਨ ਡਾ. ਤਪਿੰਦਰਜੋਤ ਵੱਲੋਂ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਦੀਆਂ ਮੋਬਾਈਲ ਟੀਮਾਂ ਨੂੰ ਆਧੁਨਿਕ 'ਹੈਂਡ ਹੈਲਡ ਆਟੋ ਰਿਫਰੈਕਟੋਮੀਟਰ' ਮਸ਼ੀਨਾਂ ਵੰਡੀਆਂ ਗਈਆਂ ਹਨ, ਤਾਂ ਜੋ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਸਕੂਲਾਂ ਵਿੱਚ ਹੀ ਸਹੀ ਅਤੇ ਤੇਜ਼ੀ ਨਾਲ ਕੀਤੀ ਜਾ ਸਕੇ। ਇਸ ਸਬੰਧੀ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਇਹ ਨਵੀਂ ਤਕਨੀਕ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਪੜ੍ਹਦੇ ਬੱਚਿਆਂ ਦੀ ਸਕ੍ਰੀਨਿੰਗ ਦੌਰਾਨ ਬਹੁਤ ਸਹਾਈ ਸਾਬਤ ਹੋਵੇਗੀ। ਹੁਣ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਦੀ ਪਛਾਣ ਮੌਕੇ 'ਤੇ ਹੀ ਹੋ ਸਕੇਗੀ, ਜਿਸ ਨਾਲ ਇਲਾਜ ਵਿੱਚ ਦੇਰੀ ਨਹੀਂ ਹੋਵੇਗੀ। ਹੁਣ ਬੱਚਿਆਂ ਨੂੰ ਅੱਖਾਂ ਦੀ ਚੈਕਿੰਗ ਲਈ ਹਸਪਤਾਲ ਆਉਣ ਦੀ ਜਰੂਰਤ ਨਹੀਂ ਹੈ, ਸਗੋਂ ਸਿਹਤ ਵਿਭਾਗ ਦੀਆਂ ਟੀਮਾਂ ਸਕੂਲਾਂ ਵਿਚ ਜਾ ਕੇ ਹੀ ਚੈਕਿੰਗ ਕਰਨਗੀਆਂ। ਨੋਡਲ ਅਫ਼ਸਰ ਆਰਬੀਐੱਸਕੇ ਡਾ. ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹੇ ਦੇ 690 ਸਕੂਲਾਂ ਵਿੱਚ ਪੜ੍ਹ ਰਹੇ ਕਰੀਬ 1,30,000 ਬੱਚਿਆਂ ਦੀ ਨਜ਼ਰ ਦੀ ਜਾਂਚ ਦਾ ਟੀਚਾ ਮਿੱਥਿਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਹੁਣ ਬੱਚਿਆਂ ਨੂੰ ਐਨਕਾਂ ਦਾ ਨੰਬਰ ਲੈਣ ਲਈ ਹਸਪਤਾਲ ਦੇ ਗੇੜੇ ਨਹੀਂ ਲਗਾਉਣੇ ਪੈਣਗੇ। ਮਸ਼ੀਨ ਰਾਹੀਂ ਮੌਕੇ 'ਤੇ ਹੀ ਨੰਬਰ ਦਾ ਪਤਾ ਲੱਗ ਜਾਵੇਗਾ ਅਤੇ ਵਿਭਾਗ ਵੱਲੋਂ ਲੋੜਵੰਦ ਬੱਚਿਆਂ ਨੂੰ ਮੁਫ਼ਤ ਐਨਕਾਂ ਮੁਹੱਈਆ ਕਰਵਾਈਆਂ ਜਾਣਗੀਆਂ। ਜੇਕਰ ਕਿਸੇ ਬੱਚੇ ਵਿੱਚ ਗੰਭੀਰ ਸਮੱਸਿਆ ਪਾਈ ਜਾਂਦੀ ਹੈ, ਤਾਂ ਉਸ ਨੂੰ ਤੁਰੰਤ ਵੱਡੇ ਹਸਪਤਾਲ ਰੈਫ਼ਰ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ ਅਤੇ ਆਰਬੀਐਸਕੇ ਕੁਆਰਡੀਨੇਟਰ ਮਨਫੂਲ ਸਿੰਘ ਸਮੇਤ ਵੱਖ-ਵੱਖ ਟੀਮਾਂ ਦੇ ਮੈਂਬਰ ਵੀ ਹਾਜ਼ਰ ਸਨ। ਸਿਹਤ ਵਿਭਾਗ ਦਾ ਮੰਨਣਾ ਹੈ ਕਿ ਇਸ ਉਪਰਾਲੇ ਨਾਲ ਬੱਚਿਆਂ ਦੀ ਸੰਪੂਰਨ ਸਿਹਤ ਸੰਭਾਲ ’ਚ ਵੱਡਾ ਸੁਧਾਰ ਆਵੇਗਾ।