ਅਧਿਆਪਕਾ ਨਾਲ ਦੁਰਵਿਵਹਾਰ ਕਰਨ ’ਤੇ ਅਧਿਆਪਕ ਖ਼ਿਲਾਫ਼ ਕੇਸ ਦਰਜ
ਸਕੂਲ ਲੈਬ ਵਿਚ ਮਹਿਲਾ ਅਧਿਆਪਕਾ ਨਾਲ ਕੀਤਾ ਦੁਰਵਿਵਹਾਰ, ਅਧਿਆਪਕ ਖਿਲਾਫ ਮਾਮਲਾ ਦਰਜ
Publish Date: Sun, 19 Apr 2026 06:15 PM (IST)
Updated Date: Mon, 20 Apr 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਮੌੜ ਇਲਾਕੇ ਦੇ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਮਹਿਲਾ ਸਾਇੰਸ ਅਧਿਆਪਕਾ ਨਾਲ ਛੇੜਛਾੜ ਤੇ ਦੁਰਵਿਵਹਾਰ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਅਧਿਆਪਕਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਦੋਸ਼ੀ ਅਧਿਆਪਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਕੂਲ ਵਿਚ ਜੁਲਾਈ 2018 ਤੋਂ ਅਧਿਆਪਕਾ ਵਜੋਂ ਸੇਵਾ ਨਿਭਾਅ ਰਹੀ ਹੈ ਤੇ ਜੂਨ 2023 ਤੋਂ ਮੌੜ ਖੁਰਦ ਸਥਿਤ ਸਕੂਲ ਵਿਚ ਤਾਇਨਾਤ ਹੈ। ਉਸ ਨੇ ਕਿਹਾ ਕਿ ਸਕੂਲ ਵਿਚ ਸਾਇੰਸ ਲੈਬ ਦਾ ਕੰਮ ਚੱਲ ਰਿਹਾ ਸੀ ਤੇ ਅਲਮਾਰੀਆਂ ਦੇ ਦਰਵਾਜ਼ਿਆਂ ਵਿਚ ਖਰਾਬੀ ਆਉਣ ਕਾਰਨ ਇਕ ਕਮੇਟੀ ਬਣਾਈ ਗਈ ਸੀ, ਜਿਸ ਵਿਚ ਉਹ ਅਤੇ ਗਣਿਤ ਅਧਿਆਪਕ ਪ੍ਰਵੀਨ ਕੁਮਾਰ (ਨਿਵਾਸੀ ਮੌੜ ਮੰਡੀ) ਵੀ ਸ਼ਾਮਲ ਸਨ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਸੀਨੀਅਰ ਹੋਣ ਦੇ ਨਾਤੇ ਅਲਮਾਰੀਆਂ ਦੀ ਖਰਾਬੀ ਬਾਰੇ ਉਕਤ ਦੋਸ਼ੀ ਅਧਿਆਪਕ ਨੂੰ ਦੱਸਿਆ ਤਾਂ ਉਸ ਨੇ ਲੈਬ ਵਿਚ ਆ ਕੇ ਦਿਖਾਉਣ ਲਈ ਕਿਹਾ। ਲੈਬ ’ਚ ਪਹੁੰਚਣ ’ਤੇ ਦੋਸ਼ੀ ਨੇ ਪਹਿਲਾਂ ਗਲਤ ਟਿੱਪਣੀਆਂ ਕੀਤੀਆਂ ਤੇ ਫਿਰ ਉਸ ਦੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ’ਤੇ ਦੋਸ਼ੀ ਨੇ ਉਸ ਦਾ ਹੱਥ ਫੜ ਕੇ ਛੇੜਛਾੜ ਅਤੇ ਦੁਰਵਿਵਹਾਰ ਕੀਤਾ। ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।ਕਿਸੇ ਤਰ੍ਹਾਂ ਪੀੜਤਾ ਉਥੋਂ ਨਿਕਲ ਕੇ ਬਾਹਰ ਆਈ ਅਤੇ ਬਾਅਦ ਵਿਚ ਮਹਿਲਾ ਸਟਾਫ਼ ਤੇ ਆਪਣੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦੀ ਸੂਚਨਾ ਮਿਲਣ ’ਤੇ ਪੀੜਤ ਦੇ ਪਤੀ ਅਤੇ ਸਹੁਰਾ ਸਕੂਲ ਪਹੁੰਚੇ, ਜਿਸ ਤੋਂ ਬਾਅਦ ਉਹ ਪਰਿਵਾਰ ਸਮੇਤ ਥਾਣਾ ਮੌੜ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾਈ। ਥਾਣਾ ਮੌੜ ਪੁਲਿਸ ਨੇ ਦੋਸ਼ੀ ਪ੍ਰਵੀਨ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।