ਚੇਅਰਮੈਨ ਮਾਨ ਨੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
ਚੇਅਰਮੈਨ ਲਖਵੀਰ ਸਿੰਘ ਮਾਨ ਖਰੀਦ ਨੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
Publish Date: Sun, 19 Apr 2026 05:48 PM (IST)
Updated Date: Mon, 20 Apr 2026 04:07 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ : ਮਾਰਕੀਟ ਕਮੇਟੀ ਸੰਗਤ ਮੰਡੀ ਦੇ ਚੇਅਰਮੈਨ ਲਖਵੀਰ ਸਿੰਘ ਮਾਨ ਵਾਸੀ ਜੈ ਸਿੰਘ ਵਾਲਾ ਨੇ ਦੱਸਿਆ ਕਿ ਕਣਕ ਦੇ ਸੀਜਨ ਦੌਰਾਨ ਇਲਾਕੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿਚ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਸਾਰੇ ਇੰਤਜ਼ਾਮ ਪੂਰੇ ਕਰ ਦਿੱਤੇ ਗਏ ਹਨ, ਤਾਂ ਜੋ ਕਿਸਾਨ ਵੀਰਾਂ ਨੂੰ ਆਪਣੀ ਫ਼ਸਲ ਵੇਚਣ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਫ਼ਸਲ ਦੀ ਸੁਚਾਰੂ ਖ਼ਰੀਦ ਲਈ ਤੋਲ ਪ੍ਰਬੰਧ, ਲੇਬਰ, ਬੋਰੀਆਂ ਅਤੇ ਲਿਫਟਿੰਗ ਦੀ ਪੂਰੀ ਵਿਵਸਥਾ ਕੀਤੀ ਹੈ। ਸਫ਼ਾਈ ਪ੍ਰਬੰਧਾਂ 'ਤੇ ਵੀ ਖ਼ਾਸ ਧਿਆਨ ਦਿੱਤਾ ਗਿਆ ਹੈ, ਤਾਂ ਜੋ ਮੰਡੀਆਂ ਦਾ ਮਾਹੌਲ ਸਾਫ਼-ਸੁਥਰਾ ਬਣਿਆ ਰਹੇ। ਕਿਸਾਨਾਂ ਲਈ ਪੀਣ ਵਾਲੇ ਸਾਫ਼ ਪਾਣੀ, ਬੈਠਣ ਲਈ ਢੁੱਕਵੇਂ ਇੰਤਜ਼ਾਮ ਅਤੇ ਛਾਂ ਦੀ ਵਿਵਸਥਾ ਵੀ ਯਕੀਨੀ ਬਣਾਈ ਗਈ ਹੈ। ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਰ ਇਕ ਦਾਣੇ ਦੀ ਖ਼ਰੀਦ ਨਿਯਮਾਂ ਅਨੁਸਾਰ ਅਤੇ ਜ਼ਿੰਮੇਵਾਰੀ ਨਾਲ ਕੀਤੀ ਜਾਵੇਗੀ। ਸਰਕਾਰ ਵੱਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਭੁਗਤਾਨ ਸਮੇਂ ਸਿਰ ਮਿਲੇ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ, ਜੋ ਖ਼ਰੀਦ ਪ੍ਰਕਿਰਿਆ 'ਤੇ ਨਿਗਰਾਨੀ ਰੱਖਣਗੇ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨਗੇ। ਜੇ ਕਿਸੇ ਕਿਸਾਨ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਤੁਰੰਤ ਮੌਕੇ ’ਤੇ ਮੌਜੂਦ ਅਧਿਕਾਰੀਆਂ ਨਾਲ ਸੰਪਰਕ ਕਰ ਸਕਦਾ ਹੈ।
ਅੰਤ 'ਚ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਚਿੰਤਾ ਦੇ ਆਪਣੀ ਫ਼ਸਲ ਮੰਡੀਆਂ ’ਚ ਲਿਆਉਣ ਤੇ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਲਾਭ ਲੈਣ। ਉਨ੍ਹਾਂ ਭਰੋਸਾ ਦਿਵਾਇਆ ਕਿ ਖ਼ਰੀਦ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਚਲਾਈ ਜਾਵੇਗੀ, ਜਿਸ ਨਾਲ ਕਿਸਾਨਾਂ ਨੂੰ ਕੋਈ ਵੀ ਅਸੁਵਿਧਾ ਨਹੀਂ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਮਾਰਕਿਟ ਕਮੇਟੀ ਦੇ ਅਧਿਕਾਰੀ ਤੇ ਕਿਸਾਨ ਮੌਜੂਦ ਸਨ।