ਮਲੂਕਾ ਤੇ ਰਾਜਗੜ੍ਹ ਦੇ ਸਕੂਲਾਂ ’ਚ ਵਿਧਾਇਕ ਸਿੱਧੂ ਨੇ ਕੀਤਾ ਉਦਘਾਟਨ
ਮਲੂਕਾ ਤੇ ਰਾਜਗੜ੍ਹ ਦੇ ਸਕੂਲਾਂ ‘ਚ ਉਦਘਾਟਨ
Publish Date: Sun, 19 Apr 2026 05:45 PM (IST)
Updated Date: Mon, 20 Apr 2026 04:06 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਨੇ ਵੱਖ ਵੱਖ ਸਰਕਾਰੀ ਸਕੂਲਾਂ ਵਿਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ ਉਦਘਾਟਨ ਕੀਤਾ ਗਿਆ। ਸਮਾਗਮ ਦੌਰਾਨ ਸਕੂਲਾਂ ਵਿਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣਯੋਗ ਰਿਹਾ। ਇਸ ਦੌਰਾਨ ਪਿੰਡ ਬੁਰਜ ਰਾਜਗੜ੍ਹ ਨੂੰ 78 ਲੱਖ ਰੁਪਏ ਦੀ ਵੱਡੀ ਗ੍ਰਾਂਟ ਪ੍ਰਦਾਨ ਕੀਤੀ ਗਈ ਹੈ, ਇਸ ਵਿੱਚੋਂ 9.65 ਲੱਖ ਦੀ ਲਾਗਤ ਨਾਲ ਸਰਕਾਰੀ ਹਾਈ ਸਕੂਲ ਵਿਚ ਆਧੁਨਿਕ ਕੰਪਿਊਟਰ ਲੈਬ ਸਥਾਪਤ ਕਰਕੇ ਵਿਦਿਆਰਥੀਆਂ ਨੂੰ ਡਿਜ਼ੀਟਲ ਸਿੱਖਿਆ ਨਾਲ ਜੋੜਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਵਿਚ ਲਗਭਗ ਡੇਢ ਕਰੋੜ ਰੁਪਏ ਦੇ ਵਿਕਾਸ ਕਾਰਜ ਪਹਿਲਾਂ ਹੀ ਪੂਰੇ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੂਕਾ ਵਿਚ ਕਰੀਬ 33 ਲੱਖ ਦੀ ਲਾਗਤ ਨਾਲ ਬਾਇਓਲੋਜੀ, ਕੈਮਿਸਟਰੀ ਅਤੇ ਫਿਜ਼ਿਕਸ ਦੀਆਂ ਆਧੁਨਿਕ ਲੈਬਾਂ ਦਾ ਉਦਘਾਟਨ ਕੀਤਾ ਗਿਆ, ਜੋ ਵਿਦਿਆਰਥੀਆਂ ਦੀ ਵਿਗਿਆਨਕ ਸਿੱਖਿਆ ਨੂੰ ਨਵਾਂ ਪੱਖ ਦੇਣਗੀਆਂ।
ਇਸ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਵਿਕਾਸ ਦੀ ਲਹਿਰ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਜਲਦ ਹੀ ਸੂਬੇ ਵਿਚ ਕੋਈ ਵੀ ਟੋਆ ਨਹੀਂ ਰਹੇਗਾ। ਉਨ੍ਹਾਂ ਦੱਸਿਆ ਕਿ ਹਲਕੇ ਵਿਚ ਇਸ ਸਮੇਂ ਕਰੀਬ 500 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਜਾਰੀ ਹਨ, ਜੋ ਜਲਦ ਪੂਰੇ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਹੋਰ ਕਿਹਾ ਕਿ ਮਾਨ ਸਰਕਾਰ ਵੱਲੋਂ ਲੋਕ ਭਲਾਈ ਲਈ ਮੁਹੱਲਾ ਕਲੀਨਿਕ, ਨਹਿਰੀ ਪਾਣੀ ਦੀ ਸੁਵਿਧਾ, ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆਤਮਕ ਟੂਰ, ਬਜ਼ੁਰਗਾਂ ਲਈ ਮੁਫ਼ਤ ਧਾਰਮਿਕ ਯਾਤਰਾ ਤੇ ਕਿਸਾਨਾਂ ਨੂੰ ਦਿਨ ਦੇ ਸਮੇਂ ਬਿਜਲੀ ਵਰਗੀਆਂ ਅਹਿਮ ਯੋਜਨਾਵਾਂ ਲਾਗੂ ਕੀਤੀਆਂ ਹਨ। ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਵਿੱਚ ਸਾਇੰਸ ਅਤੇ ਕੰਪਿਊਟਰ ਲੈਬਾਂ ਦੀ ਸਥਾਪਨਾ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਮਿਲ ਰਹੀਆਂ ਹਨ, ਜਿਸ ਨਾਲ ਸਰਕਾਰੀ ਸਕੂਲਾਂ ਦੀ ਤਸਵੀਰ ਵਿਚ ਵੱਡਾ ਬਦਲਾਅ ਆ ਰਿਹਾ ਹੈ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਮਾਹੌਲ ਨੂੰ ਰੌਣਕਮਈ ਬਣਾਇਆ। ਇਸ ਮੌਕੇ ਜਤਿੰਦਰ ਸਿੰਘ ਭੱਲਾ ਪ੍ਰਧਾਨ ਆਪ ਬਠਿੰਡਾ, ਸੀਨੀਅਰ ਆਗੂ ਬੂਟਾ ਸਿੰਘ ਜਲਾਲ, ਬੇਅੰਤ ਸਿੰਘ ਸਲਾਬਤਪੁਰਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਸਰਪੰਚ ਦੀਪਕ ਸਰਮਾ, ਜਗਸੀਰ ਸਿੰਘ ਢਿੱਲੋ ਮਲੂਕਾ, ਲੱਖਾ ਸਿੰਘ ਮਲੂਕਾ, ਹਲਕਾ ਸਿੱਖਿਆ ਕੋਆਰਡੀਨੇਟਰ ਹਰਪ੍ਰੀਤ ਹੈਪੀ, ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਰਾਕੇਸ਼ ਕੁਮਾਰ, ਪ੍ਰਿੰਸੀਪਲ ਮਨਦੀਪ ਸਿੰਘ ਭਗਤਾ, ਪ੍ਰਿੰਸੀਪਲ ਅਚਿੰਤ ਰਾਜ ਆਦਿ ਹਾਜ਼ਰ ਸਨ।