ਜਨਗਣਨਾ 2027 ਹੇਠ ਸਵੈ-ਗਣਨਾ ਦੀ ਮਿਲੀ ਸਹੂਲਤ : ਡੀਸੀ
ਜਨਗਣਨਾ 2027 ਹੇਠ ਸੈਲਫ-ਇਨਿਊਮਰੇਸ਼ਨ
Publish Date: Sun, 19 Apr 2026 05:28 PM (IST)
Updated Date: Mon, 20 Apr 2026 04:04 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਡੀਸੀ-ਕਮ-ਪ੍ਰਿੰਸੀਪਲ ਸੈਂਸਸ ਅਫ਼ਸਰ ਰਾਜੇਸ਼ ਧੀਮਾਨ ਆਈਏਐੱਸ ਨੇ ਦੱਸਿਆ ਕਿ ਜਨਗਣਨਾ 2027 ਦੇ ਪਹਿਲੇ ਪੜਾਅ ਤਹਿਤ 15 ਮਈ ਤੋਂ 13 ਜੂਨ 2026 ਤਕ ਘਰਾਂ ਦੀ ਸੂਚੀ ਕਰਨ ਸ਼ੁਰੂ ਹੋਵੇਗਾ। ਇਹ ਦੇਸ਼ ਦੀ ਪਹਿਲੀ ਡਿਜ਼ੀਟਲ ਜਨਗਣਨਾ ਹੋਵੇਗੀ, ਜਿਸ ਵਿਚ 30 ਅਪ੍ਰੈਲ ਤੋਂ 14 ਮਈ 2026 ਤੱਕ ਸੈਲਫ-ਇਨਿਊਮਰੇਸ਼ਨ (ਖੁਦ ਜਾਣਕਾਰੀ ਭਰਨ) ਦੀ ਸਹੂਲਤ ਵੀ ਮਿਲੇਗੀ। ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਜ਼ਿਲ੍ਹਾ ਵਾਸੀ ਸੈਲਫ-ਇਨਿਊਮਰੇਸ਼ਨ (ਖੁਦ ਜਾਣਕਾਰੀ ਭਰਨ) ਕਰਨ। ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਇੱਕ ਅਜਿਹੀ ਸਹੂਲਤ ਹੈ ਜਿਸ ਰਾਹੀਂ ਆਮ ਲੋਕ ਜਨਗਣਨਾ ਮੁਲਾਜ਼ਮਾਂ ਦੇ ਘਰ ਆਉਣ ਦਾ ਇੰਤਜ਼ਾਰ ਕੀਤੇ ਬਿਨਾਂ ਖੁਦ ਆਪਣੀ ਜਾਣਕਾਰੀ ਸਰਕਾਰੀ ਪੋਰਟਲ 'ਤੇ ਦਰਜ ਕਰ ਸਕਦੇ ਹਨ। ਪਹਿਲਾਂ ਇਹ ਕੰਮ ਸਿਰਫ਼ ਕਾਗਜ਼ੀ ਫਾਰਮਾਂ ਰਾਹੀਂ ਹੁੰਦਾ ਸੀ ਪਰ ਹੁਣ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਘਰ ਬੈਠੇ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਵੇਰਵਾ ਆਨਲਾਈਨ ਭਰ ਸਕਦੇ ਹੋ। ਇਸ ਦੀ ਪ੍ਰਕਿਰਿਆ ਬਹੁਤ ਸੌਖੀ ਹੈ। ਸਰਕਾਰ ਦੇ ਅਧਿਕਾਰਤ ਜਨਗਣਨਾ ਪੋਰਟਲ 'ਤੇ ਜਾਣਾ ਹੋਵੇਗਾ। ਭਾਸ਼ਾ ਦੀ ਚੋਣ ਕਰੋ ਅਤੇ ਆਪਣੇ ਮੋਬਾਈਲ ਨੰਬਰ ਅਤੇ ਬੁਨਿਆਦੀ ਜਾਣਕਾਰੀ ਦੀ ਵਰਤੋਂ ਕਰਕੇ ਪੋਰਟਲ 'ਤੇ ਲਾਗਇਨ ਕਰੋ। ਪੋਰਟਲ 'ਤੇ ਦਿੱਤੇ ਗਏ ਸਵਾਲਾਂ ਦੇ ਜਵਾਬ ਸਹੂਲਤ ਅਨੁਸਾਰ ਭਰੋ। ਜਿਵੇਂ ਹੀ ਸਫਲਤਾਪੂਰਵਕ ਫਾਰਮ ਸਬਮਿਟ ਹੋਵੇਗਾ, ਨਾਗਰਿਕ ਨੂੰ ਇਕ 'ਸੈਲਫ-ਐਨੂਮਰੇਸ਼ਨ ਆਈ ਡੀ' ਜਨਰੇਟ ਕਰਕੇ ਦੇਵੇਗਾ। ਜਦੋਂ ਜਨਗਣਨਾ ਮੁਲਾਜ਼ਮ ਘਰ ਆਵੇਗਾ ਤਾਂ ਨਾਗਰਿਕ ਨੂੰ ਸਿਰਫ ਇਹ ਆਈ ਡੀ ਦਿਖਾਉਣੀ ਹੋਵੇਗੀ। ਇਸ ਨਾਲ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ। ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਜਨਗਣਨਾ ਕਰਮਚਾਰੀਆਂ ਦੇ ਘਰ-ਘਰ ਜਾਣ ਦੀ ਜੋ ਵੀ ਤਰੀਕ ਤੈਅ ਹੋਵੇਗੀ, ਉਸ ਤੋਂ ਠੀਕ 15 ਦਿਨ ਪਹਿਲਾਂ 'ਸਵੈ-ਗਣਨਾ' ਦਾ ਪੋਰਟਲ ਉਸ ਖੇਤਰ ਦੇ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਤਹਿਤ 33 ਸਵਾਲ ਪੁੱਛੇ ਜਾਣਗੇ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਰਿਹਾਇਸ਼ ਦੀ ਸਥਿਤੀ (ਕੱਚਾ/ਪੱਕਾ), ਬੁਨਿਆਦੀ ਸਹੂਲਤਾਂ (ਪਾਣੀ, ਬਿਜਲੀ, ਪਖਾਨੇ ਆਦਿ) ਤੇ ਪਰਿਵਾਰ ਕੋਲ ਉਪਲਬਧ ਸੰਪਤੀਆਂ ਦੀ ਜਾਣਕਾਰੀ ਮੰਗੀ ਜਾਵੇਗੀ।