ਸੂਬਾ ਸਰਕਾਰ ਨੇ ਕਦੇ ਵੀ ਸਮਾਂ ਰਹਿੰਦੇ ਲੁੜੀਂਦੇ ਕਦਮ ਨਹੀਂ ਚੁੱਕੇ : ਗੁਰਪ੍ਰੀਤ ਮਲੂਕਾ
ਕੇਂਦਰ ਵੱਲੋਂ ਕਣਕ ਖਰੀਦ ‘ਚ ਦਿੱਤੀਆਂ ਰਿਆਇਤਾਂ ਦਾ ਸਵਾਗਤ
Publish Date: Sat, 18 Apr 2026 06:11 PM (IST)
Updated Date: Sun, 19 Apr 2026 04:10 AM (IST)

-ਕੇਂਦਰ ਵੱਲੋਂ ਕਣਕ ਖਰੀਦ ‘ਚ ਦਿੱਤੀਆਂ ਰਿਆਇਤਾਂ ਦਾ ਕੀਤਾ ਸਵਾਗਤ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਬਠਿੰਡਾ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਕੇਂਦਰ ਸਰਕਾਰ ਵੱਲੋਂ ਬੇਮੌਸਮੀ ਬਾਰਿਸ਼ ਨਾਲ ਕਣਕ ਦੇ ਹੋਏ ਨੁਕਸਾਨ ਤੋਂ ਰਾਹਤ ਦੇਣ ਲਈ ਖਰੀਦ ’ਚ ਦਿੱਤੀ ਰਿਆਇਤ ਦਾ ਸਵਾਗਤ ਕੀਤਾ ਹੈ। ਬੇਮੌਸਮੀ ਮੀਂਹ ਕਾਰਨ ਲੱਖਾਂ ਕਿਸਾਨ ਪ੍ਰਭਾਵਿਤ ਹੋਏ ਹਨ ਤੇ ਵੱਡੀ ਮਾਤਰਾ ਵਿੱਚ ਕਣਕ ਦੀ ਪੱਕੀ ਫ਼ਸਲ ਦਾ ਦਾਣਾ ਬਦਰੰਗ ਹੋ ਗਿਆ ਹੈ। ਮੰਡੀਆਂ ਵਿੱਚ ਆਈ ਬਦਰੰਗ ਫ਼ਸਲ ਨੂੰ ਖਰੀਦਣ ਲਈ ਖਰੀਦ ਏਜੰਸੀਆਂ ਪਹਿਲਾਂ ਹਿਚਕਿਚਾਹਟ ਕਰ ਰਹੀਆਂ ਸਨ। ਪਰ ਕਿਸਾਨ-ਹਿਤੈਸ਼ੀ ਪ੍ਰਧਾਨ ਮੰਤਰੀ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੇਂਦਰੀ ਮੰਤਰੀ ਪ੍ਰਲਹਾਦ ਜੋਸ਼ੀ ਨੇ ਪੱਤਰ ਜਾਰੀ ਕਰਕੇ 70 ਫੀਸਦੀ ਤੱਕ ਬਦਰੰਗ ਤੇ 15 ਫੀਸਦੀ ਤੱਕ ਸੁੰਗੜੀ ਹੋਈ ਫ਼ਸਲ ਨੂੰ ਤੁਰੰਤ ਪੂਰੀ ਕੀਮਤ ’ਤੇ ਖਰੀਦਣ ਦੇ ਨਿਰਦੇਸ਼ ਦਿੱਤੇ ਹਨ। ਕੇਂਦਰ ਸਰਕਾਰ ਦਾ ਇਹ ਫ਼ੈਸਲਾ ਸ਼ਲਾਘਾਯੋਗ ਹੈ ਤੇ ਇਸ ਨਾਲ ਲੱਖਾਂ ਕਿਸਾਨਾਂ ਨੂੰ ਰਾਹਤ ਮਿਲੇਗੀ। ਮਲੂਕਾ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਕਿਸਾਨਾਂ ਦੀ ਭਲਾਈ ਲਈ ਚਿੰਤਤ ਰਹਿੰਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਪਰਾਲੇ ਕਰਦੇ ਰਹਿੰਦੇ ਹਨ। ਸੂਬਾ ਸਰਕਾਰ ‘ਤੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਮਸਲੇ ਨੂੰ ਸਮੇਂ ਸਿਰ ਹੱਲ ਨਹੀਂ ਕੀਤਾ। ਚਾਹੇ ਫ਼ਸਲਾਂ ਦੀ ਖਰੀਦ ਦੇ ਪ੍ਰਬੰਧ ਹੋਣ ਜਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਮਾਮਲੇ, ਭਗਵੰਤ ਮਾਨ ਸਰਕਾਰ ਨੇ ਕਦੇ ਵੀ ਸਮੇਂ ਰਹਿੰਦੇ ਠੋਸ ਕਦਮ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਦੇ ਨੁਕਸਾਨ ਬਾਰੇ ਗੁਆਂਢੀ ਰਾਜਾਂ ਰਾਜਸਥਾਨ ਅਤੇ ਹਰਿਆਣਾ ਨੇ ਸਮੇਂ ਸਿਰ ਕੇਂਦਰ ਸਰਕਾਰ ਤੱਕ ਮਾਮਲਾ ਪਹੁੰਚਾਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਰਾਹਤ ਮਿਲੀ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਸਾਲ ਹੜ੍ਹ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਵੀ ਸੂਬਾ ਸਰਕਾਰ ਸਮੇਂ ਸਿਰ ਅੰਕੜੇ ਪੇਸ਼ ਕਰਨ ਵਿੱਚ ਅਸਫਲ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੜ੍ਹ ਰਾਹਤ ਲਈ ਭੇਜੇ ਗਏ 12,000 ਕਰੋੜ ਰੁਪਏ ਦੇ ਅਗਾਊਂ ਫੰਡ ਬਾਰੇ ਸੂਬਾ ਸਰਕਾਰ ਅਜੇ ਤਕ ਕੋਈ ਪੁਖ਼ਤਾ ਜਵਾਬ ਨਹੀਂ ਦੇ ਸਕੀ। ਇਸ ਮੌਕੇ ਕਿਸਾਨ ਮੋਰਚਾ ਦੇ ਪ੍ਰਧਾਨ ਬੂਟਾ ਭਾਈਰੂਪਾ, ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਬੁਰਜ ਲੱਧਾ, ਜਨਰਲ ਸਕੱਤਰ ਮੇਜਰ ਸਿੰਘ ਬਰਾੜ, ਮਹਿਲਾ ਮੋਰਚਾ ਪ੍ਰਧਾਨ ਸੁੱਖਵਿੰਦਰ ਕੌਰ ਸ਼ੇਰਗੜ੍ਹ, ਯੁਵਾ ਮੋਰਚਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਗੁਰਜੀਤ ਸਿੰਘ ਗੋਰਾ ਦਿਉਣ ਅਤੇ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਵੀ ਕੇਂਦਰ ਸਰਕਾਰ ਵੱਲੋਂ ਦਿੱਤੀ ਰਾਹਤ ਦਾ ਸਵਾਗਤ ਕੀਤਾ।