ਦੇਹ ਵਪਾਰ ਦੇ ਰੈਕੇਟ ਦਾ ਮੁੱਖ ਦੋਸ਼ੀ ਫ਼ਰਾਰ, ਤਿੰਨ ਕੁੜੀਆਂ ਰੈਸਕਿਊ
ਹੋਟਲ ਵਿੱਚ ਦੇਹ ਵਪਾਰ ਦਾ ਪਰਦਾਫਾਸ਼, ਰੈਕੇਟ ਦਾ ਮੁੱਖ ਦੋਸ਼ੀ ਫਰਾਰ, ਤਿੰਨ ਕੁੜੀਆਂ ਰੈਸਕਿਊ
Publish Date: Sat, 18 Apr 2026 05:41 PM (IST)
Updated Date: Sun, 19 Apr 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ’ਚ ਗ਼ੈਰ-ਕਾਨੂੰਨੀ ਸਰਗਰਮੀਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਥਾਣਾ ਕੋਤਵਾਲੀ ਪੁਲਿਸ ਨੇ ਹੋਟਲ ਬਾਹੀਆ ਫੋਰਟ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਤਿੰਨ ਕੁੜੀਆਂ ਨੂੰ ਸੁਰੱਖਿਅਤ ਰੈਸਕਿਊ ਕੀਤਾ ਹੈ, ਜਦਕਿ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਮਾਮਲੇ ਦੇ ਮੁੱਖ ਦੋਸ਼ੀ ਸਮੇਤ ਤਿੰਨ ਲੋਕ ਮੌਕੇ ਤੋਂ ਫਰਾਰ ਹੋਣ ’ਚ ਸਫ਼ਲ ਰਹੇ। ਥਾਣਾ ਕੋਤਵਾਲੀ ਦੇ ਐੱਸਐੱਚਓ ਇੰਸਪੈਕਟਰ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮਾਲ ਰੋਡ ਦੇ ਡਿੱਗੀ ਇਲਾਕੇ ਵਿੱਚ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਹੋਟਲ ਬਾਹੀਆ ਫੋਰਟ ਦੀ ਦੂਜੀ ਮੰਜ਼ਿਲ ‘ਤੇ ਕਿੱਟੀ ਪਾਰਟੀ ਦੇ ਨਾਂ ‘ਤੇ ਗੈਰਕਾਨੂੰਨੀ ਗਤੀਵਿਧੀਆਂ ਚਲ ਰਹੀਆਂ ਹਨ। ਸੂਚਨਾ ਮੁਤਾਬਕ ਹੋਟਲ ਸੰਚਾਲਕ ਬਲਜਿੰਦਰ ਸਿੰਘ ਉਰਫ਼ ਬਿੱਲਾ ਆਪਣੇ ਸਾਥੀਆਂ ਹੈਪੀ ਅਤੇ ਵਿਕੀ ਨਾਲ ਮਿਲ ਕੇ ਆਰਕੈਸਟਰਾ ਅਤੇ ਡਾਂਸ ਬਾਰ ’ਚ ਕੰਮ ਕਰਨ ਵਾਲੀਆਂ ਲੜਕੀਆਂ ਨੂੰ ਗਾਹਕਾਂ ਸਾਹਮਣੇ ਪੇਸ਼ ਕਰਕੇ ਦੇਹ ਵਪਾਰ ਕਰਵਾ ਰਿਹਾ ਸੀ। ਹੋਟਲ ਦੇ ਕਮਰਿਆਂ ਵਿੱਚ ਬਿਨਾਂ ਲਾਇਸੈਂਸ ਸ਼ਰਾਬ ਪਰੋਸੀ ਜਾ ਰਹੀ ਸੀ। ਸੂਚਨਾ ਮਿਲਣ ’ਤੇ ਪਹਿਲਾਂ ਹੀ ਦਰਜ ਕੀਤੇ ਮਾਮਲੇ ਤਹਿਤ ਪੁਲਿਸ ਨੇ ਹੋਟਲ ’ਚ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਿਸ ਨੇ ਪ੍ਰਦੀਪ ਕੁਮਾਰ, ਵਿਕਾਸ ਸਿੰਗਲਾ, ਪਵਨ ਕੁਮਾਰ, ਮਹੇਸ਼ ਕੁਮਾਰ ਤੇ ਮੁਕੇਸ਼ ਗੁਪਤਾ ਨੂੰ ਮੌਕੇ ’ਤੇ ਕਾਬੂ ਕੀਤਾ। ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਕੁੜੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ। ਪੁਲਿਸ ਨੇ ਸਾਰੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦੇ ਅਨੁਸਾਰ ਮੁੱਖ ਦੋਸ਼ੀ ਬਲਜਿੰਦਰ ਸਿੰਘ ਉਰਫ਼ ਬਿੱਲਾ, ਹੈਪੀ ਅਤੇ ਵਿੱਕੀ ਫਿਲਹਾਲ ਫਰਾਰ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਤੇ ਉਮੀਦ ਹੈ ਕਿ ਉਨ੍ਹਾਂ ਦੇ ਫੜੇ ਜਾਣ ਤੋਂ ਬਾਅਦ ਇਸ ਮਾਮਲੇ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।