ਅਕਾਲੀ ਆਗੂ ਨਰਿੰਦਰ ਪਾਲ ਸਿੰਘ ‘ਵਾਰਿਸ ਪੰਜਾਬ’ ’ਚ ਸ਼ਾਮਲ
ਅਕਾਲੀ ਆਗੂ ਨਰਿੰਦਰ ਪਾਲ ਸਿੰਘ ਅਕਾਲੀ ਦਲ ਛੱਡ ਵਾਰਿਸ ਪੰਜਾਬ ਨਾਲ ਜੁੜੇ
Publish Date: Sat, 18 Apr 2026 05:35 PM (IST)
Updated Date: Sun, 19 Apr 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ. ਬਠਿੰਡਾ
ਨੌਜਵਾਨ ਅਕਾਲੀ ਆਗੂ ਨਰਿੰਦਰ ਪਾਲ ਸਿੰਘ ਸ੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੇ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹੁਣ ਆਪਣੇ ਮੂਲ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਭਟਕ ਚੁੱਕਾ ਹੈ ਤੇ ਪਾਰਟੀ ਵਿੱਚ ਅੰਦਰੂਨੀ ਲੋਕਤੰਤਰ ਦੀ ਕਮੀ ਸਪੱਸ਼ਟ ਤੌਰ ’ਤੇ ਵੇਖਣ ਨੂੰ ਮਿਲ ਰਹੀ ਹੈ। ਮੈਂਬਰ ਪਾਰਟਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਘਰ ਪਹੁੰਚ ਕੇ ਨਰਿੰਦਰਪਾਲ ਸਿੰਘ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਅਤੇ ਪੂਰਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਨਰਿੰਦਰ ਪਾਲ ਸਿੰਘ ਨੇ ਕਿਹਾ ਕਿ ਕਈ ਵਾਰ ਉਨ੍ਹਾਂ ਨੇ ਆਪਣੇ ਪੱਧਰ ’ਤੇ ਅਕਾਲੀ ਦਲ ਕੋਲ ਇਹ ਮਸਲੇ ਉੱਪਰ ਉਠਾਏ, ਪਰ ਉਨ੍ਹਾਂ ਦੀ ਆਵਾਜ਼ ਨੂੰ ਅਣਸੁਣਿਆ ਕੀਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਪਾਰਟੀ ਦੀ ਲੀਡਰਸ਼ਿਪ ਹੁਣ ਆਮ ਵਰਕਰਾਂ ਤੇ ਜ਼ਮੀਨੀ ਹਕੀਕਤਾਂ ਤੋਂ ਕੱਟ ਚੁੱਕੀ ਹੈ, ਜਿਸ ਕਾਰਨ ਸੂਬੇ ਵਿੱਚ ਪਾਰਟੀ ਦੀ ਪਕੜ ਕਮਜ਼ੋਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਥਾਪਨਾ ਲੋਕਾਂ ਦੀ ਸੇਵਾ ਅਤੇ ਪੰਜਾਬ ਦੇ ਹੱਕਾਂ ਦੀ ਰੱਖਿਆ ਲਈ ਹੋਈ ਸੀ, ਪਰ ਮੌਜੂਦਾ ਸਮੇਂ ਵਿੱਚ ਪਾਰਟੀ ਉਹਨਾਂ ਮੁੱਢਲੇ ਉਦੇਸ਼ਾਂ ਤੋਂ ਦੂਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਮੰਚ ਨਾਲ ਜੁੜਨਾ ਚਾਹੁੰਦੇ ਹਨ ਜਿੱਥੇ ਪੰਜਾਬ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇ ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਮਾਣ ਦਿੱਤਾ ਜਾਵੇ। ਉਨ੍ਹਾਂ ਭਰੋਸਾ ਜਤਾਇਆ ਕਿ ਨਵੀਂ ਜਥੇਬੰਦੀ ਦੇ ਨਾਲ ਮਿਲ ਕੇ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਬੇਹਤਰ ਢੰਗ ਨਾਲ ਉਠਾ ਸਕਣਗੇ ਅਤੇ ਹੱਲ ਵੱਲ ਲੈ ਕੇ ਜਾ ਸਕਣਗੇ।