ਸ਼ਾਰਟ ਸਰਕਟ ਕਾਰਨ 4 ਏਕੜ ਕਣਕ ਸੜ ਕੇ ਸੁਆਹ
ਸ਼ਾਰਟ ਸਰਕਟ ਕਾਰਨ ਚਾਰ ਏਕੜ ਕਣਕ ਸੜ ਕੇ ਸਵਾਹ
Publish Date: Sat, 18 Apr 2026 05:20 PM (IST)
Updated Date: Sun, 19 Apr 2026 04:07 AM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ
ਨਜ਼ਦੀਕੀ ਪਿੰਡ ਲਹਿਰਾ ਮੁਹੱਬਤ ਵਿਖੇ ਬਿਜਲੀ ਲਾਈਨ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਲਗਭਗ ਚਾਰ ਏਕੜ ਖੜੀ ਕਣਕ ਸੜ ਕੇ ਸਵਾਹ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਹਰਗੋਬਿੰਦ ਤਾਪ ਘਰ ਤੋਂ ਆ ਰਹੀ ਟਾਵਰ ਲਾਈਨ ਹੇਠਾਂ ਲੰਘ ਰਹੀ ਬਿਜਲੀ ਲਾਈਨ ਦੀਆਂ ਤਾਰਾਂ ਵਿੱਚ ਅਚਾਨਕ ਸ਼ਾਰਟ ਸਰਕਟ ਹੋ ਗਿਆ, ਜਿਸ ਕਾਰਨ ਖੇਤਾਂ ਵਿੱਚ ਖੜੀ ਕਣਕ ਨੂੰ ਅੱਗ ਲੱਗ ਗਈ। ਅੱਗ ਨੇ ਥੋੜ੍ਹੇ ਹੀ ਸਮੇਂ ਵਿੱਚ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਚਾਰ ਏਕੜ ਫ਼ਸਲ ਸੜ ਕੇ ਨਸ਼ਟ ਹੋ ਗਈ। ਪੀੜਤ ਕਿਸਾਨ ਰੇਸ਼ਮ ਸਿੰਘ ਬਾਠ ਤੇ ਗੁਰਭਗਤ ਸਿੰਘ ਵਾਸੀ ਲਹਿਰਾ ਮੁਹੱਬਤ ਨੇ ਦੱਸਿਆ ਕਿ ਉਹ ਕਣਕ ਦੀ ਕਟਾਈ ਲਈ ਖੇਤ ਵਿੱਚ ਕੰਬਾਈਨ ਲਿਆਏ ਹੋਏ ਸਨ। ਦੁਪਹਿਰੇ 12 ਵਜੇ ਬਿਜਲੀ ਦੇ ਪੋਲ ਨਾਲ ਬੰਨੀ ਤਾਰ ਉੱਪਰੋਂ ਲੰਘ ਰਹੀ ਟਾਵਰ ਲਾਈਨ ਨਾਲ ਟੱਕਰ ਹੋਣ ਕਾਰਨ ਚੰਗਿਆੜੀਆਂ ਨਿਕਲੀਆਂ ਤੇ ਅੱਗ ਲੱਗ ਗਈ। ਪੁੱਤਰਾਂ ਵਾਂਗ ਪਾਲੀ ਹੋਈ ਖੜ੍ਹੀ ਫ਼ਸਲ ਦੇ ਸੜ ਜਾਣ ਨਾਲ ਉਨ੍ਹਾਂ ਨੂੰ ਭਾਰੀ ਝਟਕਾ ਲੱਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ ਅਤੇ ਆਪਣੀ ਸਾਂਝੀ ਕੋਸ਼ਿਸ਼ ਨਾਲ ਅੱਗ ’ਤੇ ਕਾਬੂ ਪਾਇਆ। ਅੱਗ ਬੁਝਾਊ ਦਸਤੇ ਦੇ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਦੇ ਲੋਕਾਂ ਨੇ ਅੱਗ ਬੁਝਾ ਲਈ ਸੀ। ਇਸ ਦੌਰਾਨ ਪੁਲਿਸ ਚੌਂਕੀ ਭੁੱਚੋ ਮੰਡੀ ਦੇ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਏ ਸਨ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੀੜਤ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦਾ ਜਲਦ ਅੰਦਾਜ਼ਾ ਲਾ ਕੇ ਉਨ੍ਹਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਇਸ ਘਟਨਾ ਨਾਲ ਲਗਭਗ ਢਾਈ ਤੋਂ ਤਿੰਨ ਲੱਖ ਰੁਪਏ ਤਕ ਦਾ ਨੁਕਸਾਨ ਹੋਇਆ ਹੈ, ਜਿਸ ਲਈ ਵਿਭਾਗ ਦੀ ਲਾਪਰਵਾਹੀ ਜ਼ਿੰਮੇਵਾਰ ਹੈ। ਇਸ ਸਬੰਧੀ ਜਦੋਂ ਸਬੰਧਤ ਅਧਿਕਾਰੀ ਚਮਕੌਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹੇਠਾਂ ਲੰਘ ਰਹੀ ਬਿਜਲੀ ਲਾਈਨ ਸਵੇਰੇ ਤੋਂ ਬੰਦ ਸੀ ਅਤੇ ਇਸ ਲਈ ਬਕਾਇਦਾ ਪਰਮਿਟ ਵੀ ਲਿਆ ਗਿਆ ਸੀ, ਹਾਲਾਂਕਿ ਉੱਪਰੋਂ ਲੰਘ ਰਹੀ ਟਾਵਰ ਲਾਈਨ ਵਿੱਚ ਸਪਲਾਈ ਜਾਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕਰਕੇ ਮੌਕੇ ਦਾ ਜਾਇਜ਼ਾ ਲਿਆ ਜਾਵੇਗਾ।