ਬਠਿੰਡਾ ਨਿਗਮ ਦੇ ਸਫ਼ਾਈ ਸੇਵਕ ਜਾ ਸਕਦੇ ਨੇ ਹੜਤਾਲ ’ਤੇ
ਮੁਲਾਜ਼ਮਾਂ ਦਾ ਪ੍ਰਸ਼ਾਸਨ ਵਿਰੁੱਧ ਹੱਲਾ ਬੋਲ: ਬਠਿੰਡਾ ਨਿਗਮ ਦੇ ਸਫ਼ਾਈ ਸੇਵਕ ਜਾਂ ਸਕਦੇ ਹੜਤਾਲ ’ਤੇ
Publish Date: Sat, 18 Apr 2026 04:55 PM (IST)
Updated Date: Sun, 19 Apr 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਨਿਗਮ ਦੇ ਸਫ਼ਾਈ ਅਤੇ ਸੀਵਰੇਜ ਕਰਮਚਾਰੀਆਂ ਨੇ ਪ੍ਰਸ਼ਾਸਨ ਦੀ ਕਥਿਤ ਬੇਰੁਖ਼ੀ ਖ਼ਿਲਾਫ਼ ਬਗਾਵਤੀ ਸੁਰ ਤੇਜ਼ ਕਰ ਦਿੱਤੇ ਹਨ। ਯੂਨੀਅਨਾਂ ਦੀ ਸਾਂਝੀ ਇਕੱਤਰਤਾ ਵਿੱਚ ਨਿਗਮ ਨੂੰ 24 ਘੰਟੇ ਦਾ ਅਖ਼ੀਰੀ ਸਮਾਂ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਨਿਤਾਰਾ ਨਾ ਹੋਇਆ, ਤਾਂ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਪੂਰੀ ਤਰ੍ਹਾਂ ਠੱਪ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਜਾਵੇਗੀ। ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਨੋਦ ਕੁਮਾਰ (ਮਾਲੀ) ਅਤੇ ਸੀਵਰੇਜ ਵਰਕਰ ਯੂਨੀਅਨ ਦੇ ਪ੍ਰਧਾਨ ਰਵੀ ਲਾਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਮੁਲਾਜ਼ਮਾਂ ਨੇ ਰੋਸ ਜ਼ਾਹਿਰ ਕੀਤਾ ਕਿ 597 ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਦਾ ਮੁੱਦਾ ਅਜੇ ਵੀ ਹਵਾ ਵਿੱਚ ਲਟਕ ਰਿਹਾ ਹੈ। ਮੁਲਾਜ਼ਮ ਆਗੂਆਂ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਸੇਵਾਮੁਕਤ ਮੁਲਾਜ਼ਮਾਂ ਦੇ ਬਕਾਏ ਅਤੇ ਪੇਅ-ਕਮਿਸ਼ਨ ਦੀਆਂ ਅਦਾਇਗੀਆਂ ਪਿਛਲੇ ਕਈ ਮਹੀਨਿਆਂ ਤੋਂ ਰੁਕੀਆਂ ਹੋਈਆਂ ਹਨ, ਜਿਸ ਕਾਰਨ ਪਰਿਵਾਰਾਂ ਵਿੱਚ ਭਾਰੀ ਆਰਥਿਕ ਮੰਦਹਾਲੀ ਹੈ। ਯੂਨੀਅਨ ਨੇ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਦੀ ਤਨਖਾਹ ਹਰ ਮਹੀਨੇ ਦੀ 5 ਤਾਰੀਖ ਤੱਕ ਯਕੀਨੀ ਬਣਾਈ ਜਾਵੇ ਤੇ ਕੰਮ ਦੌਰਾਨ ਲੋੜੀਂਦੇ ਤੇਲ-ਸਾਬਣ ਵਰਗੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ। ਇਸ ਤੋਂ ਇਲਾਵਾ ਤਰਸ ਦੇ ਅਧਾਰ 'ਤੇ ਨੌਕਰੀਆਂ ਦੇ ਕੇਸਾਂ ਨੂੰ ਤੁਰੰਤ ਹੱਲ ਕਰਨ ਦੀ ਮੰਗ ਵੀ ਉੱਠੀ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਅਗਲੇ 24 ਘੰਟਿਆਂ ਵਿੱਚ ਪ੍ਰਸ਼ਾਸਨ ਨੇ ਕੋਈ ਠੋਸ ਕਦਮ ਨਾ ਚੁੱਕਿਆ, ਤਾਂ ਸ਼ਹਿਰ ਵਿੱਚ ਪੈਦਾ ਹੋਣ ਵਾਲੀ ਗੰਦਗੀ ਅਤੇ ਕਿਸੇ ਵੀ ਤਰ੍ਹਾਂ ਦੀ ਅਵਿਵਸਥਾ ਲਈ ਸਿੱਧੇ ਤੌਰ 'ਤੇ ਨਿਗਮ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।