ਖੇਤ ’ਚ ਮਿਲੀ ਅਣਪਛਾਤੀ ਲਾਸ਼, ਪੁਲਿਸ ਜਾਂਚ ਜਾਰੀ
ਖੇਤ ਵਿੱਚ ਮਿਲੀ ਅਣਪਛਾਤੀ ਗਲੀ ਸੜੀ ਲਾਸ਼, ਪੁਲਿਸ ਵੱਲੋਂ ਜਾਂਚ ਜਾਰੀ
Publish Date: Sat, 18 Apr 2026 04:48 PM (IST)
Updated Date: Sun, 19 Apr 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ–ਬਰਨਾਲਾ ਰੋਡ ’ਤੇ ਡੇਰਾ ਰੂਮੀਆਣਾ ਦੇ ਪਿੱਛੇ ਇਕ ਖਾਲੀ ਖੇਤ ਵਿੱਚ ਇੱਕ ਅਣਪਛਾਤੀ ਸੜੀ ਹੋਈ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਇਸ ਸਬੰਧੀ ਜਾਣਕਾਰੀ ਸਹਾਰਾ ਮੁੱਖ ਦਫ਼ਤਰ ਨੂੰ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਵਿਕੀ ਕੁਮਾਰ ਤੁਰੰਤ ਮੌਕੇ ‘ਤੇ ਪਹੁੰਚੇ। ਇਸ ਦੌਰਾਨ ਥਾਣਾ ਕੈਂਟ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਖਾਲੀ ਖੇਤ ਵਿੱਚ ਪਈ ਲਾਸ਼ ਕਾਫੀ ਹੱਦ ਤਕ ਸੜੀ ਹੋਈ ਸੀ ਅਤੇ ਉਸ ਵਿੱਚ ਕੀੜੇ ਪੈ ਚੁੱਕੇ ਸਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਾਸ਼ ਲਗਭਗ ਦੋ ਦਿਨ ਪੁਰਾਣੀ ਹੈ। ਮ੍ਰਿਤਕ ਨੇ ਕੁੜਤਾ–ਪਜਾਮਾ ਪਹਿਨਿਆ ਹੋਇਆ ਸੀ, ਪਰ ਉਸ ਦੀ ਜੇਬ ਵਿੱਚੋਂ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਮਿਲਿਆ ਜਿਸ ਨਾਲ ਉਸ ਦੀ ਪਹਿਚਾਣ ਹੋ ਸਕੇ। ਮ੍ਰਿਤਕ ਦੀ ਉਮਰ ਕਰੀਬ 50 ਸਾਲ ਦੇ ਲਗਭਗ ਦੱਸੀ ਜਾ ਰਹੀ ਹੈ। ਪੁਲਿਸ ਅਤੇ ਸਹਾਰਾ ਟੀਮ ਵੱਲੋਂ ਲਾਸ਼ ਦੀ ਪਛਾਣ ਕਰਨ ਲਈ ਕਈ ਯਤਨ ਕੀਤੇ ਗਏ, ਪਰ ਹੁਣ ਤਕ ਕੋਈ ਸਫਲਤਾ ਨਹੀਂ ਮਿਲੀ। ਕਾਰਵਾਈ ਤੋਂ ਬਾਅਦ ਲਾਸ਼ ਨੂੰ ਸਹਾਰਾ ਟੀਮ ਦੀ ਮਦਦ ਨਾਲ ਬਠਿੰਡਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ ਗਿਆ ਹੈ, ਜਿੱਥੇ ਉਸ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਸਹਾਰਾ ਜਨ ਸੇਵਾ ਦੇ ਅਧਿਕਾਰੀ ਗੌਤਮ ਗੋਇਲ ਨੇ ਦੱਸਿਆ ਕਿ ਸੰਸਥਾ ਵੱਲੋਂ ਮ੍ਰਿਤਕ ਦੀ ਪਛਾਣ ਕਰਨ ਲਈ ਹਰ ਸੰਭਵ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪ੍ਰਸ਼ਾਸਨ ਜਾਂ ਸਹਾਰਾ ਟੀਮ ਨਾਲ ਸੰਪਰਕ ਕਰੇ।