- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਕੱਟਾਂ ਤੋਂ ਤੰਗ ਆਏ ਲੋਕਾਂ ਵੱਲੋਂ ਐਕਸੀਅਨ ਮੌੜ ਨੂੰ ਮੰਗ ਪੱਤਰ ਸੌਂਪਿਆ

-ਵਾਰ ਵਾਰ ਲੱਗਦੇ ਬਿਜਲੀ ਕੱਟਾਂ ਤੋਂ ਔਖ ਹੋਏ ਕੋਟਸ਼ਮੀਰ ਦੇ ਲੋਕ
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ
ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਕੋਟਸ਼ਮੀਰ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਵੱਲੋਂ ਨਗਰ ਕੋਟਸ਼ਮੀਰ ਵਿੱਚ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਦੇ ਗੰਭੀਰ ਮਸਲੇ ਸਬੰਧੀ ਐਕਸੀਅਨ ਮੌੜ ਨੂੰ ਮੰਗ ਪੱਤਰ ਸੌਂਪਿਆ ਗਿਆ। ਨਗਰ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਦਿਨ-ਰਾਤ ਲੰਬੇ ਸਮੇਂ ਲਈ ਬਿਜਲੀ ਦੇ ਕੱਟ ਲੱਗ ਰਹੇ ਹਨ, ਜਿਸ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਖ਼ਾਸ ਕਰਕੇ ਮਜ਼ਦੂਰ ਵਰਗ ਦੇ ਉਹ ਲੋਕ, ਜੋ ਆਪਣੇ ਘਰਾਂ ਵਿੱਚ ਇਨਵਰਟਰ ਲਗਵਾਉਣ ਦੇ ਯੋਗ ਨਹੀਂ ਹਨ, ਸਭ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਹੋਰ ਵਸਨੀਕਾਂ ਨੂੰ ਵੀ ਦਿਨਚਰੀ ਕਾਰਜਾਂ ਵਿੱਚ ਕਾਫੀ ਮੁਸ਼ਕਲਾਂ ਆ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਲਗਭਗ ਇਕ ਸਾਲ ਪਹਿਲਾਂ ਇਸ ਮਸਲੇ ਸਬੰਧੀ ਗਰਿੱਡ ਵਿੱਚ ਇਕੱਠ ਕਰਕੇ ਅਧਿਕਾਰੀਆਂ ਦਾ ਧਿਆਨ ਖਿੱਚਿਆ ਗਿਆ ਸੀ, ਜਿਸ ਦੌਰਾਨ ਐਸਡੀਓ. ਵੱਲੋਂ ਇਹ ਯਕੀਨ ਦਿਵਾਇਆ ਗਿਆ ਸੀ ਕਿ ਪਿੰਡ ਦੀਆਂ ਫਿਰਨੀਆਂ ਉੱਪਰ ਵੱਖ-ਵੱਖ ਸਵਿੱਚਾਂ ਲਗਾ ਕੇ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਇਆ ਜਾਵੇਗਾ। ਪਰੰਤੂ ਅਜੇ ਤਕ ਇਸ ਵੱਲ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ, ਜਿਸ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਪਿੰਡ ਵਾਸੀਆਂ ਨੇ ਹੋਰ ਦੱਸਿਆ ਕਿ ਕੋਟਸ਼ਮੀਰ ਗਰਿੱਡ ਤੋਂ ਕਈ ਹੋਰ ਪਿੰਡਾਂ ਨੂੰ ਵੀ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ, ਜਿਸ ਕਰਕੇ ਜਦੋਂ ਕਿਸੇ ਹੋਰ ਪਿੰਡ ਵੱਲੋਂ ਕੱਟ ਦਾ ਪਰਮਿਟ ਲਿਆ ਜਾਂਦਾ ਹੈ ਤਾਂ ਉਸਦਾ ਸਿੱਧਾ ਅਸਰ ਕੋਟਸ਼ਮੀਰ ਦੇ ਵਸਨੀਕਾਂ ‘ਤੇ ਵੀ ਪੈਂਦਾ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਮੰਗ ਕੀਤੀ ਕਿ ਪਿੰਡ ਕੋਟਸ਼ਮੀਰ ਨੂੰ ਕੈਟਾਗਰੀ ‘ਏ’ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਫਿਰਨੀਆਂ ਉੱਪਰ ਸਵਿੱਚਾਂ ਲਗਾ ਕੇ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ, ਤਾਂ ਜੋ ਪਿੰਡ ਵਾਸੀਆਂ ਨੂੰ ਰਾਹਤ ਮਿਲ ਸਕੇ।
ਇਸ ਮੌਕੇ ਐੱਸਡੀਓ. ਸੁਖਪ੍ਰੀਤ ਸਿੰਘ ਦੀ ਮੌਜੂਦਗੀ ਵਿੱਚ ਪਿੰਡ ਵਾਸੀਆਂ ਨੇ ਆਪਣੀਆਂ ਮੰਗਾਂ ਰੱਖੀਆਂ। ਇਸ ਮੌਕੇ ਕਿਸਾਨ ਯੂਨੀਅਨ ਮਾਲਵਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕੋਟਸ਼ਮੀਰ, ਗੁਰਜੀਤ ਸਿੰਘ ਮਾਨ, ਅਮਨੀ ਸੇਠ, ਮਨਦੀਪ ਸਿੰਘ, ਸੋਨਾ ਜਿਊਲਰਜ਼, ਪਾਲ ਜਿਊਲਰਜ਼, ਪਰਦੀਪ ਕੁਮਾਰ, ਰਵੀ ਕੁਮਾਰ, ਸੁਖਮੰਦਰ ਸਿੰਘ, ਮੰਦਰ ਸਿੰਘ, ਦੀਪਾ ਸਿੰਘ, ਸੁਖਪਾਲ ਸਿੰਘ ਗ੍ਰੰਥੀ, ਗੁਰਮੇਲ ਸਿੰਘ, ਬੀਹਲਾ ਸਿੰਘ, ਕੁਲਦੀਪ ਸਿੰਘ (ਡਾਕਟਰ), ਪ੍ਰਿੰਸ, ਸੁਖਮੰਦਰ ਸਿੰਘ ਮੋਰਕਾ, ਗੁਰਪ੍ਰੀਤ ਸਿੰਘ, ਜਗਪਾਲ ਸਿੰਘ, ਜਗਦੀਪ ਸਿੰਘ, ਕੁਲਵੰਤ ਸਿੰਘ, ਪ੍ਰਮਤੇਜ ਸਿੰਘ ਵਿੱਕੀ, ਗੁਲਾਬ ਸਿੰਘ, ਰਾਮ ਸਿੰਘ ਅਤੇ ਜਗਵਿੰਦਰ ਸਿੰਘ ਬੌਬੀ ਸਮੇਤ ਹੋਰ ਕਈ ਪਿੰਡ ਵਾਸੀ ਹਾਜ਼ਰ ਸਨ।