ਜ਼ਿਲ੍ਹੇ ’ਚ 15 ਮਈ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ : ਡੀਸੀ
ਜ਼ਿਲ੍ਹਾ ਬਠਿੰਡਾ ਵਿਚ 15 ਮਈ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ: ਡੀਸੀ
Publish Date: Sat, 18 Apr 2026 04:32 PM (IST)
Updated Date: Sun, 19 Apr 2026 04:03 AM (IST)
ਵੀਰਪਾਲ ਭਗਤਾ , ਪੰਜਾਬੀ ਜਾਗਰਣ, ਬਠਿੰਡਾ : ਇੱਥੋਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਲਈ ਜ਼ਿਲ੍ਹੇ ਵਿਚ ਰਜਿਸਟ੍ਰੇਸ਼ਨ 15 ਮਈ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧੀ ਅੱਜ ਇੱਥੇ ਹੋਈ ਅਧਿਕਾਰੀਆਂ ਦੀ ਬੈਠਕ ਦੀ ਅਗਵਾਈ ਕਰਦਿਆਂ ਡੀਸੀ ਧੀਮਾਨ ਨੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋੜੀਂਦੇ ਸਟਾਫ ਨੂੰ ਟ੍ਰੇਨਿੰਗ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਵਿਚ ਹਰ 100 ਮਹਿਲਾਵਾਂ ਲਈ ਇਕ ‘ਸਖੀ ਸਹੇਲੀ’ ਨਿਯੁਕਤ ਕੀਤੀ ਜਾਵੇਗੀ। ਇਹ ਸਖੀ ਸਹੇਲੀਆਂ ਰਜਿਸਟ੍ਰੇਸ਼ਨ ਨੂੰ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੀਆ। ਇਸ ਯੋਜਨਾ ਹੇਠ ਯੋਗ ਮਹਿਲਾਵਾਂ ਨੂੰ ਜੁਲਾਈ ਮਹੀਨੇ ਤੋਂ ਵਿੱਤੀ ਸਹਾਇਤਾ ਮਿਲਣੀ ਸ਼ੁਰੂ ਹੋ ਜਾਵੇਗੀ। ਜਨਰਲ ਵਰਗ ਦੀਆਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1000 ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਮਹਿਲਾਵਾਂ ਨੂੰ 1500 ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਸ ਮੌਕੇ ਏਡੀਸੀ (ਜ) ਮੈਡਮ ਕੰਚਨ, ਐੱਸਡੀਐੱਮ ਬਠਿੰਡਾ ਬਲਕਰਨ ਸਿੰਘ, ਐੱਸਡੀਐੱਮ ਰਾਮਪੁਰਾ ਮੈਡਮ ਵੀਰਪਾਲ ਕੌਰ, ਐਸਡੀਐਮ ਤਲਵੰਡੀ ਸਾਬੋ ਰਾਜੇਸ਼ ਕੁਮਾਰ ਸ਼ਰਮਾ, ਡੀਡੀਪੀਓ ਅਭਿਨਵ ਗੋਇਲ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।