ਡੇਅਰੀ ਯੂਨੀਅਨ ਵੱਲੋਂ ਸਾਬਕਾ ਸੀਐੱਮ ਚੰਨੀ ਵਿਰੁੱਧ ਕਾਰਵਾਈ ਦੀ ਮੰਗ
ਨਕਲੀ ਦੁੱਧ ਬਣਾਉਣ ਵਾਲੀ ਵੀਡੀਓ ਦਾ ਵਿਵਾਦ: ਡੇਅਰੀ ਯੂਨੀਅਨ ਵੱਲੋਂ ਚੰਨੀ ਵਿਰੁੱਧ ਕਾਰਵਾਈ ਦੀ ਮੰਗ
Publish Date: Sat, 18 Apr 2026 04:30 PM (IST)
Updated Date: Sun, 19 Apr 2026 04:03 AM (IST)
-ਨਕਲੀ ਦੁੱਧ ਬਣਾਉਣ ਵਾਲੀ ਵੀਡੀਓ ਦਾ ਵਿਵਾਦ ਭਖਿਆ
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਕਲੀ ਦੁੱਧ ਸਬੰਧੀ ਇੱਕ ਕਥਿਤ ਵਾਇਰਲ ਵੀਡੀਓ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਪੰਜਾਬ ਮਿਲਕ ਡੇਅਰੀ ਯੂਨੀਅਨ ਏਕਤਾ ਨੇ ਇਸ ਵੀਡੀਓ ਨੂੰ ਕਾਰੋਬਾਰ ਲਈ ਘਾਤਕ ਦੱਸਦਿਆਂ ਬਠਿੰਡਾ ਦੇ ਐਸਐਸਪੀ ਦਫ਼ਤਰ ਵਿੱਚ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਯੂਨੀਅਨ ਦਾ ਦੋਸ਼ ਹੈ ਕਿ ਇਸ ਵੀਡੀਓ ਕਾਰਨ ਲੋਕਾਂ ਵਿੱਚ ਦੁੱਧ ਦੀ ਸ਼ੁੱਧਤਾ ਨੂੰ ਲੈ ਕੇ ਭਰਮ ਫੈਲ ਰਿਹਾ ਹੈ।
ਪੰਜਾਬ ਮਿਲਕ ਡੇਅਰੀ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਦੁੱਧ ਕਾਰੋਬਾਰੀ ਬਠਿੰਡਾ ਪੁਲਿਸ ਕੋਲ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਵਾਇਰਲ ਵੀਡੀਓ ਵਿੱਚ ਯੂਰੀਆ ਰਾਹੀਂ ਨਕਲੀ ਦੁੱਧ ਬਣਾਉਣ ਦੀ ਪ੍ਰਕਿਰਿਆ ਸਮਝਾਈ ਗਈ ਹੈ, ਜਿਸ ਨਾਲ ਆਮ ਖਪਤਕਾਰਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਹੁਣ ਗਾਹਕ ਦੁੱਧ ਵਿਕਰੇਤਾਵਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਹੇ ਹਨ ਅਤੇ ਰਸਾਇਣਾਂ ਦੀ ਵਰਤੋਂ ਬਾਰੇ ਸਵਾਲ ਕਰ ਰਹੇ ਹਨ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਡੇਅਰੀ ਕਾਰੋਬਾਰੀ ਘਰਾਂ ਤੋਂ ਦੁੱਧ ਇਕੱਠਾ ਕਰਕੇ ਲੋਕਾਂ ਤੱਕ ਪਹੁੰਚਾਉਂਦੇ ਹਨ ਅਤੇ ਇਸ ਵਿੱਚ ਕਿਸੇ ਕਿਸਮ ਦਾ ਜ਼ਹਿਰੀਲਾ ਪਦਾਰਥ ਨਹੀਂ ਵਰਤਿਆ ਜਾਂਦਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੀਆਂ ਵੀਡੀਓਜ਼ ਨਾਲ ਨਾ ਸਿਰਫ਼ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ, ਸਗੋਂ ਸਮਾਜ ਵਿੱਚ ਸਿਹਤ ਪ੍ਰਤੀ ਵੀ ਗਲਤ ਸੰਦੇਸ਼ ਜਾ ਰਿਹਾ ਹੈ। ਡੇਅਰੀ ਯੂਨੀਅਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੁੱਧ ਕਾਰੋਬਾਰੀਆਂ ਦੇ ਹਿੱਤਾਂ ਦੀ ਰਾਖੀ ਹੋ ਸਕੇ।