ਮਾਲਵਾ ਰੈਸਲਿੰਗ ਕਲੱਬ ਭਗਤਾ ਦੇ ਸੰਦੀਪ ਮਾਨ ਨੇ ਜਿੱਤਿਆ ਚਾਂਦੀ ਦਾ ਮੈਡਲ
ਮਾਲਵਾ ਰੈਸਲਿੰਗ ਕਲੱਬ ਭਗਤਾ ਦੇ ਖਿਡਾਰੀ ਸੰਦੀਪ ਮਾਨ ਨੇ ਰਚਿਆ ਇਤਿਹਾਸ
Publish Date: Fri, 17 Apr 2026 08:45 PM (IST)
Updated Date: Sat, 18 Apr 2026 04:15 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ. ਬਠਿੰਡਾ
ਮਾਲਬਾ ਰੈਸਲਿੰਗ ਕਲੱਬ ਭਗਤਾ ਭਾਈ ਕਾ ਦੇ ਹੋਣਹਾਰ ਭਲਵਾਨ ਸੰਦੀਪ ਸਿੰਘ ਮਾਨ ਨੇ ਕਿਰਗਜ਼ਸਤਾਨ ਦੀ ਰਾਜਧਾਨੀ ਵਿਸ਼ਕੇਕ ਵਿਖੇ ਹੋਈ ਸੀਨੀਅਰ ਰੈਸਲਿੰਗ ਚੈਂਪੀਅਨਸ਼ਿਪ 2026 ਵਿਚ ਚਾਂਦੀ ਦਾ ਮੈਡਲ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕਰ ਦਿੱਤਾ ਹੈ। ਸੰਦੀਪ ਨੇ ਇਹ ਮੱਲ 79 ਕਿੱਲੋ ਫਰੀ ਸਟਾਇਲ ਵਰਗ ਵਿਚ ਮਾਰੀ ਹੈ।
ਇੱਥੇ ਇਹ ਗੱਲ ਵੀ ਖਾਸ ਹੈ ਕਿ ਪੰਜਾਬ ਦੇ ਕਿਸੇ ਭਲਵਾਨ ਨੇ 22 ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਗ੍ਹਾ ਬਣਾਈ ਅਤੇ ਚਾਂਦੀ ਦਾ ਮੈਡਲ ਜਿੱਤਿਆ। ਸੰਦੀਪ ਨੇ ਸੈਮੀਫਾਈਨਲ ਮੁਕਾਬਲੇ ਵਿਚ ਤਾਜਕਿਸਤਾਨ ਦੇ ਭਲਵਾਨ ਸੋਮੋਨਜੋਨ ਇਕਰੋਮੋਵ ਨੂੰ 10-0 ਦੇ ਅੰਤਰ ਨਾਲ ਇਕ ਪਾਸੜ ਮੁਕਾਬਲੇ ਵਿਚ ਹਰਾ ਕੇ ਫਾਈਨਲ ਵਿਚ ਥਾਂ ਬਣਾਈ। ਫਾਈਨਲ ਮੁਕਾਬਲੇ ਵਿਚ ਸੰਦੀਪ ਦਾ ਮੁਕਾਬਲਾ ਜਪਾਨ ਦੇ ਪਹਿਲਵਾਨ ਕੇਵਿਨ ਘਰੇਦਾਘੀ ਨਾਲ ਹੋਇਆ। ਜਿੱਥੇ ਬਹੁਤ ਹੀ ਫਸਵੇਂ ਮੁਕਾਬਲੇ ਵਿਚ ਉਹ 2-1 ਦੇ ਫ਼ਰਕ ਨਾਲ ਚਾਂਦੀ ਦਾ ਤਗਮਾ ਜਿੱਤਣ ਵਿਚ ਸਫਲ ਰਿਹਾ। ਸੰਦੀਪ ਸਿੰਘ ਨੇ ਮਾਲਵਾ ਕੁਸ਼ਤੀ ਕਲੱਬ ਭਗਤਾ ਭਾਈ ਕਾ ਦੇ ਬਹੁਤ ਹੀ ਕਾਬਿਲ ਕੋਚ ਸੁਖਮੰਦਰ ਸਿੰਘ ਤੇ ਸ਼ਿਵਾਜੀ ਦੀ ਦੇਖ-ਰੇਖ ਹੇਠ ਆਪਣੀ ਤਿਆਰੀ ਕੀਤੀ ਸੀ। ਰਮਨ ਬਖਸ਼ੀ ਪ੍ਰਧਾਨ ਪੰਜਾਬ ਰੈਸਲਿੰਗ ਸੰਸਥਾ ਤੇ ਡੀਐੱਸਓ ਬਠਿੰਡਾ ਰੁਪਿੰਦਰ ਸਿੰਘ ਨੇ ਕਿਹਾ ਕਿ ਸੰਦੀਪ ਨੇ ਪੰਜਾਬ ਅਤੇ ਦੇਸ਼ ਦਾ ਨਾਮ ਚਮਕਾਇਆ ਹੈ। ਇਸ ਜਿੱਤ ’ਤੇ ਸੰਦੀਪ ਦੇ ਪਿੰਡ ਬੁਰਜ ਰਾਠੀ ਜ਼ਿਲ੍ਹਾ ਮਾਨਸਾ ਵਿਚ ਜਸ਼ਨ ਦਾ ਮਾਹੌਲ ਹੈ। ਸੰਦੀਪ ਦੇ ਭਗਤਾ ਭਾਈਕਾ ਪਹੁੰਚਣ ’ਤੇ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਵਧਾਈਆਂ ਭੇਜੀਆਂ। ਸੋਸ਼ਲ ਮੀਡੀਆ ਰਾਹੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਹਰਸਿਮਰਤ ਕੌਰ ਬਾਦਲ, ਰਾਣਾ ਗੁਰਜੀਤ ਸਿੰਘ, ਬਿਕਰਮ ਸਿੰਘ ਮਜੀਠੀਆ ਨੇ ਵਧਾਈ ਸੰਦੇਸ਼ ਭੇਜੇ। ਇਸ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸੰਦੀਪ ਸਿੰਘ ਮਾਨ ਦਾ ਸਵਾਗਤ ਕੀਤਾ। ਇਸ ਸਮੇਂ ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਕੌਂਸਲ ਭਗਤਾ ਭਾਈਕਾ, ਰਕੇਸ਼ ਗੋਇਲ ਸਾਬਕਾ ਪ੍ਰਧਾਨ ਨਗਰ ਕੌਂਸਲ ਭਗਤਾ, ਸੁਖਜਿੰਦਰ ਸਿੰਘ ਖਾਨਦਾਨ ਸਰਕਲ ਪ੍ਰਧਾਨ, ਦਰਸ਼ਨ ਸਿੰਘ ਭਾਈਕੇ, ਮਾਸਟਰ ਦਰਸ਼ਨ ਸਿੰਘ, ਕੋਚ ਵਿਸ਼ਵਦੀਪ ਸਿੰਘ, ਮਨਦੀਪ ਭਲਵਾਨ, ਜਗਵੀਰ ਸਿੰਘ, ਸੁਖਮੰਦਰ ਸਿੰਘ ਸੁਪਰ ਡੀਲਕਸ ਐਗਰੋ, ਰਸ਼ਪਾਲ ਸਿੰਘ ਨਿੱਕਾ, ਵਾਸ਼ੂ ਭਾਗਸਰ, ਸ਼ਿਵਮ ਦੀਪੂ ਸੁਰਿੰਦਰਾ ਡੇਅਰੀ, ਗੁਰਪ੍ਰੀਤ ਸਿੰਘ ਘਾਰੂ, ਗੁਰਚਰਨ ਸਿੰਘ ਪੁਰੀ, ਜਸਪ੍ਰੀਤ ਸਿੰਘ ਜੱਸਾ, ਹਰਬੰਸ ਸਿੰਘ ਬੰਸਾ ਆਦਿ ਸ਼ਾਮਲ ਸਨ।