ਨੌਜਵਾਨ ਨੂੰ ਕੁੱਟ-ਮਾਰ ਕੇ ਸਾਮਾਨ ਤੇ ਨਕਦੀ ਖੋਹੀ, ਕੇਸ ਦਰਜ
ਨੌਜਵਾਨ ਦੀ ਕੁੱਟਮਾਰ ਕਰਕੇ ਪੈਸੇ ਖੋਹੇ, ਕਿਸਾਨ ਦੀ ਕਣਕ 'ਤੇ ਵੀ ਚੋਰਾਂ ਨੇ ਮਾਰਿਆ ਹੱਥ
Publish Date: Fri, 17 Apr 2026 07:11 PM (IST)
Updated Date: Sat, 18 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿਚ ਸ਼ਰਾਰਤੀ ਅਨਸਰਾਂ ਅਤੇ ਚੋਰਾਂ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਤਾਜ਼ਾ ਮਾਮਲਿਆਂ ਵਿਚ ਜਿੱਥੇ ਬਠਿੰਡਾ ਦੀ ਮੁੱਖ ਦਾਣਾ ਮੰਡੀ ਵਿਚ ਇਕ ਨੌਜਵਾਨ ਦੀ ਕੁੱਟਮਾਰ ਕਰਕੇ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਉੱਥੇ ਹੀ ਪਿੰਡ ਢੱਡੇ ਦੀ ਮੰਡੀ ਵਿੱਚੋਂ ਕਿਸਾਨ ਦੀ ਮਿਹਨਤ ਨਾਲ ਪਾਲੀ ਕਣਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਵਾਂ ਮਾਮਲਿਆਂ ਵਿਚ ਸ਼ਿਕਾਇਤਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਕੋਤਵਾਲੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਅਨੁਜ ਕੁਮਾਰ ਪੁੱਤਰ ਸੋਕੀਨ ਵਾਸੀ ਊਧਮ ਸਿੰਘ ਨਗਰ ਨੇ ਦੱਸਿਆ ਕਿ 31 ਮਾਰਚ ਨੂੰ ਜਦੋਂ ਉਹ ਦਾਣਾ ਮੰਡੀ ਨੇੜੇ ਜਾ ਰਿਹਾ ਸੀ ਤਾਂ ਗੁਰਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨੇ ਉਸ ਨੂੰ ਘੇਰ ਲਿਆ। ਪੀੜਤ ਅਨੁਸਾਰ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਸਾਮਾਨ ਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ। ਸਹਾਇਕ ਥਾਣੇਦਾਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਬਾਲਿਆਂਵਾਲੀ ਅਧੀਨ ਪੈਂਦੇ ਪਿੰਡ ਢੱਡੇ ਦੀ ਦਾਣਾ ਮੰਡੀ ਵਿੱਚੋਂ ਕਣਕ ਚੋਰੀ ਹੋਣ ਦੀ ਘਟਨਾ ਵਾਪਰੀ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਪੀੜਤ ਕਿਸਾਨ ਨਛੱਤਰ ਸਿੰਘ ਪੁੱਤਰ ਗੁਰਬਖਸ਼ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੀ ਕਣਕ ਵੱਢ ਕੇ ਮੰਡੀ ਵਿਚ ਰੱਖੀ ਹੋਈ ਸੀ। 14 ਅਪ੍ਰੈਲ ਦੀ ਰਾਤ ਨੂੰ ਜਦੋਂ ਉਹ ਫ਼ਸਲ ਦੀ ਰਾਖੀ ਕਰਦੇ ਸਮੇਂ ਸੌਂ ਗਿਆ, ਤਾਂ ਕੋਈ ਅਣਪਛਾਤਾ ਵਿਅਕਤੀ ਉਸ ਦੀ ਢੇਰੀ ਵਿੱਚੋਂ ਕਰੀਬ 10-12 ਗੱਟੇ ਕਣਕ ਚੋਰੀ ਕਰਕੇ ਲੈ ਗਿਆ। ਜਾਂਚ ਅਧਿਕਾਰੀ ਐੱਸਆਈ ਹਿਮਾਂਸ਼ੂ ਚੀਮਾ ਅਨੁਸਾਰ ਅਣਪਛਾਤੇ ਵਿਅਕਤੀ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।