ਇਟਲੀ ਭੇਜਣ ਦੇ ਨਾਂ 'ਤੇ ਠੱਗੇ 12 ਲੱਖ, ਕੇਸ ਦਰਜ
ਇਟਲੀ ਭੇਜਣ ਦੇ ਨਾਂ 'ਤੇ 12 ਲੱਖ ਦੀ ਮਾਰੀ ਠੱਗੀ, ਮਾਮਲਾ ਦਰਜ
Publish Date: Fri, 17 Apr 2026 06:55 PM (IST)
Updated Date: Sat, 18 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਵਿਦੇਸ਼ ਜਾ ਕੇ ਸੁਨਹਿਰੀ ਭਵਿੱਖ ਬਣਾਉਣ ਦਾ ਸੁਫ਼ਨਾ ਇਕ ਨੌਜਵਾਨ ਲਈ ਉਸ ਵੇਲੇ ਮਹਿੰਗਾ ਸਾਬਤ ਹੋਇਆ, ਜਦੋਂ ਇਕ ਕਥਿਤ ਏਜੰਟ ਨੇ ਉਸ ਨੂੰ ਇਟਲੀ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹੜਪ ਲਏ। ਥਾਣਾ ਕੋਟਫੱਤਾ ਦੀ ਪੁਲਿਸ ਨੇ ਪੀੜਤ ਨੌਜਵਾਨ ਦੀ ਸ਼ਿਕਾਇਤ 'ਤੇ 12 ਲੱਖ ਰੁਪਏ ਠੱਗਣ ਦੇ ਦੋਸ਼ ’ਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਕੋਟਫੱਤਾ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਮਨਪ੍ਰੀਤ ਵਾਸੀ ਘਸੋਖਾਨਾ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਜੱਸੀ ਬਾਗ ਵਾਲੀ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨਾਲ ਹੋਈ ਸੀ। ਗੁਰਵਿੰਦਰ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਤੇ ਉਸ ਨੂੰ ਇਟਲੀ ਵਿਚ ਚੰਗੇ ਰੁਜ਼ਗਾਰ 'ਤੇ ਲਗਵਾ ਸਕਦਾ ਹੈ। ਏਜੰਟ ਦੀਆਂ ਗੱਲਾਂ ’ਚ ਆ ਕੇ ਮਨਪ੍ਰੀਤ ਨੇ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਉਸ ਨੂੰ ਕੁੱਲ 12 ਲੱਖ ਰੁਪਏ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਮੁਲਜ਼ਮ ਲਗਾਤਾਰ ਟਾਲਮਟੋਲ ਕਰਨ ਲੱਗਾ ਅਤੇ ਨਾ ਤਾਂ ਉਸ ਨੇ ਮਨਪ੍ਰੀਤ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੀ ਰਕਮ ਵਾਪਸ ਕੀਤੀ। ਅਖੀਰ ਠੱਗੀ ਦਾ ਅਹਿਸਾਸ ਹੋਣ 'ਤੇ ਪੀੜਤ ਨੇ ਪੁਲਿਸ ਕੋਲ ਇਨਸਾਫ਼ ਦੀ ਗੁਹਾਰ ਲਗਾਈ। ਸਹਾਇਕ ਥਾਣੇਦਾਰ ਜਗਤਾਰ ਸਿੰਘ ਅਨੁਸਾਰ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਕਥਿਤ ਦੋਸ਼ੀ ਗੁਰਵਿੰਦਰ ਸਿੰਘ ਵਿਰੁੱਧ ਮੁਕਦਮਾ ਦਰਜ ਕਰ ਲਿਆ ਹੈ ਪ੍ਰੰਤੂ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।