ਅੱਗ ਨਾਲ ਸੜੀ 6 ਏਕੜ ਕਣਕ ਦਾ ਮਿਲੇ ਮੁਆਵਜ਼ਾ
ਅੱਗ ਲੱਗਣ ਕਾਰਨ 6 ਏਕੜ ਕਣਕ ਸੜ ਕੇ ਸੁਆਹ
Publish Date: Fri, 17 Apr 2026 05:35 PM (IST)
Updated Date: Sat, 18 Apr 2026 04:04 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸਥਾਨਕ ਪੁਲਿਸ ਥਾਣੇ ਨੇੜਲੇ ਖੇਤਾਂ ਵਿਚ ਕਣਕ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਕਰੀਬ 6 ਏਕੜ ਕਣਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਅਤੇ ਘਟਨਾ ਦੌਰਾਨ ਇਕ ਟਰਾਲਾ ਵੀ ਸੜ ਗਿਆ। ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਪੱਤੀ ਸੇਲਬਰਾਹ ਦੇ ਤਿੰਨ ਏਕੜ ਕਣਕ ਅਤੇ ਸੁਰਜੀਤ ਸਿੰਘ ਅਕਾਲੀ ਦੇ ਕਰੀਬ ਤਿੰਨ ਏਕੜ ਕਣਕ ਸੜ ਗਈ। ਇਸੇ ਅੱਗ ਕਾਰਨ ਬਿੱਟਾ ਨੰਬਰਦਾਰ ਅਤੇ ਗੁਰਪ੍ਰੀਤ ਸਿੰਘ ਨੰਬਰਦਾਰ ਦਾ ਕਣਕ ਢੋਣ ਵਾਲਾ ਟਰਾਲਾ ਵੀ ਸੜ ਗਿਆ। ਜ਼ਿਕਰਯੋਗ ਅੱਗ ਬਹੁਤ ਜ਼ਿਆਦਾ ਤੇਜ ਸੀ ਪ੍ਰੰਤੂ ਇਲਾਕੇ ਦੀ ਸਮਾਜ ਸੇਵੀਂ ਸੰਸਥਾਵਾਂ ਭੂਤਾਂ ਵਾਲ ਖੂਹ ਕਮੇਟੀ ਭਗਤਾ ਭਾਈ, ਸਤਿਕਾਰ ਕਮੇਟੀ ਕੋਠਾ ਗੁਰੂ ਅਤੇ ਸਰਕਾਰੀ ਫਾਇਰ ਬ੍ਰਿਗੇਡ ਰਾਹੀ ਲੋਕਾਂ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਸਮੇਂ ਸਿਰ ਪੁੱਜੀਆਂ ਫਾਇਰ ਬ੍ਰਿਗੇਡ ਗੱਡੀਆਂ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਕਿਸਾਨ ਆਗੂ ਜੀਤ ਸਿੰਘ ਖੂਹ ਵਾਲੇ, ਅਵਤਾਰ ਸਿੰਘ ਤਾਰੀ, ਸੁਖਚੈਨ ਸਿੰਘ ਖਾਲਸਾ, ਹਰਦੇਵ ਸਿੰਘ ਗੋਗੀ, ਸਤਵਿੰਦਰਪਾਲ ਸਿੰਘ ਪਿੰਦਰ, ਜਸਪ੍ਰੀਤ ਸਿੰਘ ਬੂਟਾ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜ੍ਹਤ ਕਿਸਾਨਾਂ ਤੁਰੰਤ ਮਾਲੀ ਮਦਦ ਦਿੱਤੀ ਜਾਵੇ।