ਸੜਕ ਉਸਾਰੀ ’ਚ ਘਪਲੇ ਦੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ
ਸੜਕ ਨਿਰਮਾਣ ’ਚ ਹੋਏ ਘਪਲੇ ਸਬੰਧੀ ਵਿਧਾਇਕ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਪੱਤਰ ਨੇ ਪਾਇਆ ਭੜਥੂ
Publish Date: Fri, 17 Apr 2026 05:28 PM (IST)
Updated Date: Sat, 18 Apr 2026 04:04 AM (IST)
-ਸੜਕ ਉਸਾਰੀ ’ਚ ਘਪਲੇ ਸਬੰਧੀ ਵਿਧਾਇਕ ਅਮਿਤ ਰਤਨ ਵੱਲੋਂ ਸੀਐੱਮ ਨੂੰ ਲਿਖੇ ਪੱਤਰ ਨੇ ਪਾਇਆ ਭੜਥੂ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਇੰਜੀਨੀਅਰ ਅਮਿਤ ਰਤਨ ਕੋਟਫੱਤਾ ਵੱਲੋਂ ਨਵੀਆਂ ਬਣਾਈਆਂ ਜਾ ਰਹੀਆਂ ਸੜਕਾਂ ’ਤੇ ਗ਼ੈਰ-ਮਿਆਰੀ ਮਟੀਰੀਅਲ ਵਰਤੇ ਜਾਣ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਲਈ ਲਿਖੇ ਪੱਤਰ ਨੇ ਵਿਭਾਗ ਵਿਚ ਭੜਥੂ ਪਾ ਦਿੱਤਾ ਹੈ। ਇਸ ਪੱਤਰ ਤੋਂ ਬਾਅਦ ਪੰਜਾਬੀ ਮੰਡੀ ਬੋਰਡ ਅਤੇ ਪੀਡਬਲਯੂਡੀ ਦੇ ਕਈ ਅਧਿਕਾਰੀਆਂ ਉੱਪਰ ਗਾਜ ਡਿੱਗਣ ਦੀ ਸੰਭਾਵਨਾ ਬਣ ਗਈ ਹੈ। ਵਿਧਾਇਕ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਅਧਿਕਾਰਤ ਪੱਤਰ ਲਿਖ ਕੇ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਪੱਤਰ ਵਿਚ ਵਿਧਾਇਕ ਨੇ ਦੱਸਿਆ ਕਿ ਸੰਗਤ ਮੰਡੀ ਇਲਾਕੇ ਵਿੱਚ ਚੱਲ ਰਹੇ ਸੜਕਾਂ ਦੇ ਨਿਰਮਾਣ ਕਾਰਜਾਂ ਦੌਰਾਨ ਵਰਤੀ ਜਾ ਰਹੀ ਸਮੱਗਰੀ ਵਿਭਾਗੀ ਮਾਪਦੰਡਾਂ ਅਨੁਸਾਰ ਖ਼ਰੀ ਨਹੀਂ ਉਤਰਦੀ। ਉਨ੍ਹਾਂ ਮੌਕੇ ਦੇ ਨਿਰੀਖਣ ਅਤੇ ਇਲਾਕਾ ਨਿਵਾਸੀਆਂ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਕਿਹਾ ਹੈ ਕਿ ਸੜਕਾਂ ’ਤੇ ਪ੍ਰੀਮਿਕਸ (ਲੁੱਕ) ਦੀ ਮਾਤਰਾ ਬਹੁਤ ਘੱਟ ਪਾਈ ਜਾ ਰਹੀ ਹੈ, ਜਿਸ ਕਾਰਨ ਨਵੀਆਂ ਬਣ ਰਹੀਆਂ ਸੜਕਾਂ ਕਾਫ਼ੀ ਕਮਜ਼ੋਰ ਹਨ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਜੇਕਰ ਇਹੀ ਹਾਲ ਰਿਹਾ ਤਾਂ ਇਹ ਸੜਕਾਂ ਇਕ ਮੌਸਮ ਦੀ ਮਾਰ ਵੀ ਨਹੀਂ ਝੱਲ ਸਕਣਗੀਆਂ ਅਤੇ ਜਲਦੀ ਹੀ ਟੁੱਟ ਜਾਣਗੀਆਂ। ਉਨ੍ਹਾਂ ਲਿਖਤੀ ਪੱਤਰ ਰਾਹੀਂ ਮੰਗਾਂ ਰੱਖੀਆਂ ਕਿ ਸੜਕ ਬਣਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀਤੇ ਗਏ ਸਮੱਗਰੀ ਦੇ ਟੈਸਟਾਂ ਦਾ ਰਿਕਾਰਡ ਜਨਤਕ ਕੀਤਾ ਜਾਵੇ। ਜੇਕਰ ਵਿਭਾਗੀ ਰਿਪੋਰਟਾਂ ਵਿੱਚ ਸਮੱਗਰੀ ਨੂੰ ਸਹੀ ਦੱਸਿਆ ਗਿਆ ਹੈ, ਤਾਂ ਕਿਸੇ ਸੁਤੰਤਰ ਏਜੰਸੀ ਤੋਂ ਇਸ ਦੀ ਮੁੜ ਜਾਂਚ ਕਰਵਾਈ ਜਾਵੇ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ। ਉਨ੍ਹਾਂ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਇਹ ਸੜਕਾਂ ਸਮੇਂ ਤੋਂ ਪਹਿਲਾਂ ਟੁੱਟਦੀਆਂ ਹਨ, ਤਾਂ ਉਨ੍ਹਾਂ ਅਧਿਕਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ, ਜੋ ਸੂਚਨਾ ਮਿਲਣ ਦੇ ਬਾਵਜੂਦ ਚੁੱਪ ਧਾਰੀ ਬੈਠੇ ਹਨ।
ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਦੀ ‘ਜ਼ੀਰੋ ਟਾਲਰੈਂਸ’ ਨੀਤੀ ਦਾ ਹਵਾਲਾ ਦਿੰਦੇ ਹੋਏ ਉਮੀਦ ਜਤਾਈ ਕਿ ਇਸ ਮਾਮਲੇ ਵਿੱਚ ਜਲਦੀ ਹੀ ਸਖ਼ਤ ਕਾਰਵਾਈ ਦੇਖਣ ਨੂੰ ਮਿਲੇਗੀ। ਉਨ੍ਹਾਂ ਪੱਤਰ ਦੀਆਂ ਕਾਪੀਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ, ਮੁੱਖ ਸਕੱਤਰ ਅਤੇ ਐਕਸੀਅਨ ਬਠਿੰਡਾ ਨੂੰ ਵੀ ਕਾਰਵਾਈ ਲਈ ਭੇਜੀਆਂ ਗਈਆਂ ਹਨ। ਇਸ ਪੱਤਰ ਤੋਂ ਬਾਅਦ ਵਿਭਾਗ ਵਿਚ ਹੜਕੰਪ ਮੱਚਿਆ ਹੋਇਆ ਹੈ।