ਦਾਣਾ ਮੰਡੀਆਂ ’ਚ ਕਿਸਾਨ ਪਰੇਸ਼ਾਨ, ‘ਸਰਕਾਰ’ ਕੁੰਭਕਰਨੀ ਨੀਂਦ ਸੁੱਤੀ : ਜੱਗਾ ਕਲਿਆਣ
ਦਾਣਾ ਮੰਡੀਆਂ ਵਿਚ ਖੱਜਲ ਖੁਆਰ ਹੋ ਰਹੇ ਨੇ ਕਿਸਾਨ, ਆਪ ਸਰਕਾਰ ਕੁੰਭਕਰਨੀ ਨੀਂਦ ਸੁੱਤੀ: ਜੱਗਾ ਕਲਿਆਣ
Publish Date: Fri, 17 Apr 2026 05:24 PM (IST)
Updated Date: Sat, 18 Apr 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਨੇ ਕਿਹਾ ਹੈ ਕਿ ਕਣਕ ਦੀ ਫ਼ਸਲ ਨਾਂ ਵਿਕਣ ਕਾਰਨ ਕਿਸਾਨ ਦਾਣਾ ਮੰਡੀਆਂ ਵਿਚ ਖੱਜਲ ਖੁਆਰ ਹੋ ਰਹੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਕਿਸਾਨ ਪਿਛਲੇ ਦਸ ਦਿਨ ਦੋਂ ਦਾਣਾ ਮੰਡੀਆਂ ਵਿਚ ਕਣਕ ਵੇਚਣ ਦੀ ਉਡੀਕ ਵਿਚ ਹਨ, ਪਰ ਪੰਜਾਬ ਸਰਕਾਰ ਇਸਦੀ ਜਿੰਮੇਵਾਰੀ ਕੇਂਦਰ ’ਤੇ ਸੁੱਟ ਕੇ ਸੁਰਖਰੂ ਨਹੀਂ ਹੋ ਸਕਦੀ। ਬਠਿੰਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਗਾ ਕਲਿਆਣ ਨੇ ਕਿਹਾ ਕਿ ਕਿਸਾਨ ਪਿਛਲੇ ਲਗਭਗ ਦਸ ਦਿਨਾਂ ਤੋਂ ਆਪਣੀ ਕਣਕ ਮੰਡੀਆਂ ਵਿੱਚ ਲੈ ਕੇ ਬੈਠੇ ਹਨ, ਪਰ ਖਰੀਦ ਪ੍ਰਕਿਰਿਆ ਸ਼ੁਰੂ ਨਾ ਹੋਣ ਕਾਰਨ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਇਸ ਮਾਮਲੇ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਹਰ ਗੱਲ ਲਈ ਕੇਂਦਰ ਸਰਕਾਰ ਨੂੰ ਦੋਸ਼ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਦੋਸ਼ ਲਾਉਣ ਨਾਲ ਮਸਲਾ ਹੱਲ ਨਹੀਂ ਹੋਵੇਗਾ, ਸਰਕਾਰ ਨੂੰ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਪਵੇਗਾ ਤਾਂ ਜੋ ਕਿਸਾਨਾਂ ਨੂੰ ਤੁਰੰਤ ਰਾਹਤ ਮਿਲ ਸਕੇ। ਉਨ੍ਹਾਂ ਹੋਰ ਕਿਹਾ ਕਿ ਕਿਸਾਨਾਂ ਦੀ ਮਿਹਨਤ ਦਾ ਸਹੀ ਮੁੱਲ ਮਿਲਣਾ ਬਹੁਤ ਜ਼ਰੂਰੀ ਹੈ, ਪਰ ਮੌਜੂਦਾ ਹਾਲਾਤਾਂ ਵਿੱਚ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਖਰੀਦ ਪ੍ਰਕਿਰਿਆ ਸ਼ੁਰੂ ਨਾ ਕੀਤੀ ਗਈ ਤਾਂ ਕਿਸਾਨਾਂ ਦਾ ਗੁੱਸਾ ਹੋਰ ਵੱਧ ਸਕਦਾ ਹੈ ਅਤੇ ਇਸਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਇਸ ਮੌਕੇ ਉਨ੍ਹਾਂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਵੀ ਘੇਰਿਆ। ਜੱਗਾ ਕਲਿਆਣ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਬਿਨਾਂ ਗਿਰਦਾਵਰੀ ਮੁਆਵਜ਼ਾ ਦੇਣ ਦੇ ਵਾਅਦੇ ਕੀਤੇ ਗਏ ਸਨ, ਪਰ ਅਜੇ ਤਕ ਗਿਰਦਾਵਰੀ ਦੀ ਪ੍ਰਕਿਰਿਆ ਵੀ ਪੂਰੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਗਿਰਦਾਵਰੀ ਹੀ ਨਹੀਂ ਕਰਵਾ ਸਕੀ, ਤਾਂ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਤਾਂ ਦੂਰ ਦੀ ਗੱਲ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਮੰਡੀਆਂ ਵਿੱਚ ਖਰੀਦ ਸ਼ੁਰੂ ਕਰੇ, ਪ੍ਰਬੰਧ ਸੁਧਾਰੇ ਅਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਕਿਸੇ ਵੀ ਕਿਸਾਨ ਨੂੰ ਫਸਲ ਵੇਚਣ ਲਈ ਇਕ ਰਾਤ ਵੀ ਮੰਡੀ ਵਿਚ ਨਹੀਂ ਕੱਟਣੀ ਪੈਂਦੀ ਸੀ, ਪਰ ਹੁਣ ਦਸ ਦਸ ਦਿਨ ਤੋਂ ਕਿਸਾਨ ਦਾਣਾ ਮੰਡੀਆਂ ਵਿਚ ਸੌਂ ਰਹੇ ਹਨ।