ਜੀਵਨ ’ਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਹਿੱਸਾ ਲੈਣਾ ਵੀ ਜ਼ਰੂਰੀ : ਮਲੂਕਾ
ਜੀਵਨ ‘ਚ ਪੜ੍ਹਾਈ ਦੇ ਨਾਲ ਖੇਡਾਂ ਵੀ ਜਰੂਰੀ-ਮਲੂਕਾ
Publish Date: Fri, 17 Apr 2026 05:01 PM (IST)
Updated Date: Sat, 18 Apr 2026 04:04 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ
ਅੱਜ ਦੇ ਆਧੁਨਿਕ ਸਮੇਂ ਵਿਚ ਹਰ ਵਿਦਿਆਰਥੀ ਲਈ ਪੜ੍ਹਾਈ ਅਤੇ ਖੇਡਾਂ ਦੋਵੇਂ ਹੀ ਇਕਸਾਰ ਮਹੱਤਵ ਰੱਖਦੀਆਂ ਹਨ। ਇਸ ਲਈ ਜੀਵਨ ‘ਚ ਪੜ੍ਹਾਈ ਦੇ ਨਾਲ ਖੇਡਾਂ ਵੀ ਜਰੂਰੀ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕੁਲਵੰਤ ਸਿੰਘ ਮਲੂਕਾ ਚੇਅਰਮੈਨ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਨੇ ਕੀਤਾ।
ਚੇਅਰਮੈਨ ਕਲੇਰ ਨੇ ਕਿਹਾ ਕਿ ਪੜ੍ਹਾਈ ਮਨੁੱਖ ਦੇ ਜੀਵਨ ਨੂੰ ਸਹੀ ਦਿਸ਼ਾ ਦਿੰਦੀ ਹੈ ਅਤੇ ਉਸਨੂੰ ਗਿਆਨਵਾਨ ਬਣਾਉਂਦੀ ਹੈ, ਜਦਕਿ ਖੇਡਾਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ। ਜੇਕਰ ਅਸੀਂ ਜੀਵਨ ਵਿਚ ਸਫਲਤਾ ਹਾਸਲ ਕਰਨੀ ਹੈ ਤਾਂ ਸਾਨੂੰ ਦੋਹਾਂ ਵਿਚ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਸਾਨੂੰ ਸਿੱਖਿਆ ਪ੍ਰਦਾਨ ਕਰਦੀ ਹੈ, ਜਿਸ ਨਾਲ ਅਸੀਂ ਆਪਣਾ ਭਵਿੱਖ ਸੁਨਿਹਰਾ ਬਣਾ ਸਕਦੇ ਹਾਂ। ਇਹ ਸਾਡੇ ਵਿਚ ਸੋਚਣ ਦੀ ਸਮਰੱਥਾ ਨੂੰ ਵਧਾਉਂਦੀ ਹੈ ਅਤੇ ਸਾਨੂੰ ਸਮਾਜ ਵਿਚ ਇਕ ਚੰਗਾ ਇਨਸਾਨ ਬਣਾਉਂਦੀ ਹੈ। ਦੂਜੇ ਪਾਸੇ ਖੇਡਾਂ ਸਾਡੇ ਜੀਵਨ ਵਿਚ ਖੁਸ਼ੀ ਅਤੇ ਤਾਜ਼ਗੀ ਲਿਆਉਂਦੀਆਂ ਹਨ। ਇਹ ਸਰੀਰ ਨੂੰ ਮਜ਼ਬੂਤ ਬਣਾਉਂਦੀਆਂ ਹਨ ਅਤੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੀਆਂ ਹਨ। ਖੇਡਾਂ ਨਾਲ ਅਸੀਂ ਟੀਮ ਵਰਕ, ਅਨੁਸ਼ਾਸਨ ਤੇ ਹਿੰਮਤ ਵਰਗੀਆਂ ਗੁਣਾਂ ਨੂੰ ਵੀ ਸਿੱਖਦੇ ਹਾਂ। ਇਹ ਗੁਣ ਸਿਰਫ਼ ਖੇਡ ਮੈਦਾਨ ਵਿਚ ਹੀ ਨਹੀਂ, ਸਗੋਂ ਜੀਵਨ ਦੇ ਹਰ ਖੇਤਰ ਵਿਚ ਕੰਮ ਆਉਂਦੇ ਹਨ। ਚੇਅਰਮੈਨ ਕਲੇਰ ਨੇ ਕਿਹਾ ਕਿ ਅਕਸਰ ਕਿਹਾ ਜਾਂਦਾ ਹੈ ਕਿ ਸਿਹਤ ਹੀ ਧਨ ਹੈ। ਸਿਹਤਮੰਦ ਸਰੀਰ ਵਿਚ ਸਿਹਤਮੰਦ ਦਿਮਾਗ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਸਾਡਾ ਸਰੀਰ ਤੰਦਰੁਸਤ ਨਹੀਂ ਹੋਵੇਗਾ ਤਾਂ ਅਸੀਂ ਪੜ੍ਹਾਈ ਵਿਚ ਵੀ ਪੂਰਾ ਧਿਆਨ ਨਹੀਂ ਦੇ ਸਕਾਂਗੇ। ਇਸ ਲਈ ਖੇਡਾਂ ਸਾਡੇ ਲਈ ਬਹੁਤ ਜ਼ਰੂਰੀ ਹਨ। ਖੇਡਾਂ ਨਾਲ ਸਾਡਾ ਮਨ ਤਾਜ਼ਾ ਰਹਿੰਦਾ ਹੈ ਅਤੇ ਅਸੀਂ ਪੜ੍ਹਾਈ ਵੱਲ ਹੋਰ ਧਿਆਨ ਦੇ ਸਕਦੇ ਹਾਂ। ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਪੇਂਡੂ ਇਲਾਕੇ ਸਮਾਧ ਭਾਈ ਵਿਚ ਆਈਸੀਐੱਸਈ ਬੋਰਡ ਦਾ ਮਾਤਾ ਬਲਜਿੰਦਰ ਕੋਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਖੋਲ ਕੇ ਜਿੱਥੇ ਵਿੱਦਿਆ ਦਾ ਪਸਾਰ ਕੀਤਾ ਹੈ ਉਸ ਦੇ ਨਾਲ-ਨਾਲ ਉਨ੍ਹਾਂ ਨੇ ਖੇਡਾਂ ਦੇ ਮਹੱਤਵ ਨੂੰ ਦੇਖਦੇ ਹੋਏ ਤੇ ਖੇਡਾਂ ਦੇ ਮਿਆਰ ਨੂੰ ਉੱਚਾ ਚੁਕਣ ਦੀ ਹਮੇਸ਼ਾ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਪੜਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਹਿੱਸਾ ਲਵੇ ਅਤੇ ਆਪਣੇ ਜੀਵਨ ਨੂੰ ਸੰਤੁਲਤ ਤੇ ਸੁਖਮਈ ਬਣਾਵੇ।