ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਬਜ਼ੁਰਗ ਨਾਲ ਲੁੱਟ-ਖੋਹ, ਮਹਿਲਾ ਈ-ਰਿਕਸ਼ਾ ਚਾਲਕ ਗ੍ਰਿਫ਼ਤਾਰ
ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਬਜ਼ੁਰਗ ਨਾਲ ਲੁੱਟਖੋਹ, ਮਹਿਲਾ ਈ-ਰਿਕਸ਼ਾ ਚਾਲਕ ਗ੍ਰਿਫ਼ਤਾਰ
Publish Date: Thu, 16 Apr 2026 07:46 PM (IST)
Updated Date: Thu, 16 Apr 2026 07:48 PM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਦੇ ਸੰਤਪੁਰਾ ਰੋਡ ’ਤੇ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਇਨਸਾਨੀ ਰਿਸ਼ਤਿਆਂ ਅਤੇ ਭਰੋਸੇ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਕ ਔਰਤ ਈ-ਰਿਕਸ਼ਾ ਚਾਲਕ ਵੱਲੋਂ ਸਹਾਇਤਾ ਦੇ ਨਾਂ ’ਤੇ ਇਕ ਦਿਵਿਆਂਗ ਬਜ਼ੁਰਗ ਨੂੰ ਆਪਣਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦੇ ਵਿਰੋਧ ਦੌਰਾਨ ਈ-ਰਿਕਸ਼ਾ ਪਲਟਣ ਕਾਰਨ ਦੋਵੇਂ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਲੋਕਾਂ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਕਥਿਤ ਮੁਲਜ਼ਮ ਔਰਤ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਭਗਤਾ ਦੇ ਰਹਿਣ ਵਾਲੇ ਪਰਮਜੀਤ ਸਿੰਘ ਪੁੱਤਰ ਸੁਖਦੇਵ ਸਿੰਘ, ਜੋ ਕਿ ਸਰੀਰਕ ਤੌਰ ’ਤੇ ਦਿਵਿਆਂਗ ਹਨ, ਸਟੇਟ ਬੈਂਕ ਆਫ਼ ਇੰਡੀਆ ਵਿਚ ਕਰਜ਼ੇ ਦੇ ਸਬੰਧ ਵਿਚ ਆਏ ਸਨ। ਜਦੋਂ ਉਹ ਬੈਂਕ ਤੋਂ ਬਾਹਰ ਨਿਕਲੇ ਤਾਂ ਇਕ ਔਰਤ ਈ-ਰਿਕਸ਼ਾ ਚਾਲਕ ਨੇ ਉਨ੍ਹਾਂ ਨੂੰ ਆਪਣੀ ਗੱਲਾਂ ਵਿਚ ਉਲਝਾ ਲਿਆ। ਔਰਤ ਨੇ ਬਜ਼ੁਰਗ ਨੂੰ ਕਰਜ਼ਾ ਦਿਵਾਉਣ ਦਾ ਝਾਂਸਾ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਨਾਲ ਰਿਕਸ਼ੇ ਵਿਚ ਬਿਠਾ ਲਿਆ। ਪੀੜਤ ਅਨੁਸਾਰ ਔਰਤ ਉਨ੍ਹਾਂ ਨੂੰ ਹਾਜੀਰਤਨ ਰੋਡ ਤੋਂ ਹੁੰਦੇ ਹੋਏ ਨਹਿਰ ਦੇ ਕੋਲ ਇਕ ਸੁੰਨਸਾਨ ਜਗ੍ਹਾ ’ਤੇ ਲੈ ਗਈ, ਜਿੱਥੇ ਉਸ ਨੇ ਬਜ਼ੁਰਗ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਕੋਲੋਂ 7000 ਰੁਪਏ ਖੋਹ ਲਏ। ਇਸ ਦੌਰਾਨ ਜਦੋਂ ਪਰਮਜੀਤ ਸਿੰਘ ਨੇ ਹਿੰਮਤ ਦਿਖਾਉਂਦੇ ਹੋਏ ਰਿਕਸ਼ੇ ਦਾ ਹੈਂਡਲ ਫੜ ਲਿਆ ਤਾਂ ਵਾਹਨ ਬੇਕਾਬੂ ਹੋ ਕੇ ਪਲਟ ਗਿਆ। ਬਜ਼ੁਰਗ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਔਰਤ ਨੂੰ ਫੜ ਲਿਆ ਅਤੇ ਥਾਣਾ ਕੋਤਵਾਲੀ ਪੁਲਿਸ ਦੇ ਹਵਾਲੇ ਕਰ ਦਿੱਤਾ। ਸਹਾਰਾ ਜਨ ਸੇਵਾ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜ਼ਖ਼ਮੀ ਬਜ਼ੁਰਗ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਪੁਲਿਸ ਨੇ ਕਥਿਤ ਮੁਲਜ਼ਮ ਔਰਤ ਦੀ ਪਛਾਣ ਪੂਜਾ ਸ਼ਰਮਾ ਵਜੋਂ ਕੀਤੀ ਹੈ। ਪੀੜਤ ਬਜ਼ੁਰਗ ਨੇ ਦੱਸਿਆ ਕਿ ਲੁੱਟ ਤੋਂ ਬਾਅਦ ਹੁਣ ਉਸ ਦੇ ਪੱਲੇ ਸਿਰਫ਼ 700 ਰੁਪਏ ਹੀ ਬਚੇ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।