ਬੈਂਕ ਅਧਿਕਾਰੀਆਂ ਨੇ ਜਾਅਲੀ ਦਸਤਖ਼ਤਾਂ ਨਾਲ ਲੱਖਾਂ ਦਾ ਕਰਜ਼ਾ ਲੈ ਕੇ ਮਾਰੀ ਠੱਗੀ
ਬੈਂਕ ਅਧਿਕਾਰੀਆਂ ਨੇ ਜਾਅਲੀ ਦਸਤਖ਼ਤਾਂ ਨਾਲ ਲੱਖਾਂ ਦਾ ਕਰਜ਼ਾ ਲੈ ਕੇ ਮਾਰੀ ਠੱਗੀ
Publish Date: Thu, 16 Apr 2026 06:27 PM (IST)
Updated Date: Thu, 16 Apr 2026 06:30 PM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਪੁਲਿਸ ਵੱਲੋਂ ਵਿੱਤੀ ਅਪਰਾਧਾਂ ਦੇ ਦੋ ਅਜਿਹੇ ਮਾਮਲੇ ਦਰਜ ਕੀਤੇ ਗਏ ਹਨ, ਜੋ ਸਿਸਟਮ ਅਤੇ ਸੋਸ਼ਲ ਮੀਡੀਆ ਤੇ ਮੌਜੂਦ ਖ਼ਤਰਿਆਂ ਦਾ ਪਰਦਾਫਾਸ਼ ਕਰਦੇ ਹਨ। ਜਿੱਥੇ ਇਕ ਮਾਮਲੇ ਵਿਚ ਬੈਂਕ ਅਧਿਕਾਰੀਆਂ ਨੇ ਹੀ ਆਪਣੇ ਗਾਹਕ ਨਾਲ ਵਿਸ਼ਵਾਸਘਾਤ ਕਰਦਿਆਂ ਜਾਅਲੀ ਦਸਤਖ਼ਤਾਂ ਰਾਹੀਂ ਲੱਖਾਂ ਦੀ ਠੱਗੀ ਮਾਰੀ, ਉੱਥੇ ਹੀ ਸਾਈਬਰ ਠੱਗਾਂ ਨੇ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਦਾ ਝਾਂਸਾ ਦੇ ਕੇ ਇਕ ਵਿਅਕਤੀ ਦੀ ਮਿਹਨਤ ਦੀ ਕਮਾਈ ਉਡਾ ਲਈ। ਪੁਲਿਸ ਨੇ ਦੋਵਾਂ ਸ਼ਿਕਾਇਤਾਂ ਦੇ ਅਧਾਰ ਤੇ ਧੋਖਾਧੜੀ ਦੇ ਮੁਕਦਮੇ ਦਰਜ ਕਰ ਕੇ ਪੜਤਾਲ ਵਿੱਢ ਦਿੱਤੀ ਹੈ। ਥਾਣਾ ਕੋਤਵਾਲੀ ਪੁਲਿਸ ਨੂੰ ਦਰਜ ਕਰਵਾਏ ਬਿਆਨਾ ਵਿਚ ਸਰਦੂਲ ਸਿੰਘ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਬੈਂਕ ਦੇ ਤਤਕਾਲੀ ਮੈਨੇਜਰ ਯਸਪਾਲ, ਗੋਲ ਡਿੱਗੀ ਸ਼ਾਖਾ ਦੇ ਸਹਾਇਕ ਮੈਨੇਜਰ ਜਤਿੰਦਰ ਕੁਮਾਰ ਅਤੇ ਕਲਰਕ ਵਿਸ਼ਨੂੰ ਸਿੰਘ ਨੇ ਇਕ ਸਾਜ਼ਿਸ਼ ਤਹਿਤ ਉਸ ਦੇ ਜਾਅਲੀ ਦਸਤਖ਼ਤ ਕੀਤੇ ਅਤੇ ਜਾਅਲੀ ਦਸਤਾਵੇਜ਼ ਤਿਆਰ ਕੀਤੇ। ਇਨ੍ਹਾਂ ਅਧਿਕਾਰੀਆਂ ਨੇ ਮਲੋਟ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਨਾਮੀ ਵਿਅਕਤੀ ਨਾਲ ਮਿਲੀਭੁਗਤ ਕਰ ਕੇ ਪੀੜਤ ਦੇ ਨਾਂ ਤੇ ਲੱਖਾਂ ਰੁਪਏ ਦਾ ਕਰਜ਼ਾ ਲੈ ਲਿਆ ਅਤੇ ਰਕਮ ਹੜੱਪ ਲਈ। ਪੁਲਿਸ ਨੇ ਚਾਰੇ ਕਥਿਤ ਦੋਸ਼ੀਆਂ ਖ਼ਿਲਾਫ਼ ਸਾਜ਼ਿਸ਼ ਰਚਣ ਅਤੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਠੱਗੀ ਦਾ ਦੂਜਾ ਮਾਮਲਾ ਥਾਣਾ ਸਾਈਬਰ ਕ੍ਰਾਈਮ ਵਿਚ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਸਾਈਬਰ ਠੱਗਾਂ ਨੇ ਪਹਿਲਾਂ ਉਸ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਆਨਲਾਈਨ ਲੋਕਾਂ ਦੇ ਪੈਸੇ ਵਧਣ ਦੇ ਫ਼ਰਜ਼ੀ ਸਕ੍ਰੀਨ ਸਾਟ ਦਿਖਾ ਕੇ ਆਪਣੇ ਜਾਲ ਵਿਚ ਫਸਾਇਆ। ਜਦੋਂ ਕੁਲਦੀਪ ਉਨ੍ਹਾਂ ਦੇ ਝਾਂਸੇ ਵਿਚ ਆ ਗਿਆ, ਤਾਂ ਠੱਗਾਂ ਨੇ ਉਸ ਨੂੰ ਜ਼ਬਰਦਸਤੀ ਡੀਮੈਟ ਅਕਾਊਂਟ ਖੁੱਲ੍ਹਵਾਉਣ ਲਈ ਭਰਮਾਇਆ ਅਤੇ ਭਾਰੀ ਨਿਵੇਸ਼ ਕਰਵਾ ਕੇ ਉਸ ਨਾਲ ਲੱਖਾਂ ਦੀ ਠੱਗੀ ਮਾਰ ਲਈ। ਪੁਲਿਸ ਨੇ ਇਸ ਮਾਮਲੇ ਵਿਚ ਅਣਪਛਾਤੇ ਕਥਿਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਤਾਂ ਜੋ ਠੱਗੀ ਦੀਆਂ ਤਾਰਾਂ ਕਿੱਥੋਂ ਜੁੜੀਆਂ ਹਨ, ਉਸ ਦਾ ਪਤਾ ਲਾਇਆ ਜਾ ਸਕੇ।