ਦੇਸੀ ਕੱਟੇ ਤੇ ਨਸ਼ੀਲੇ ਪਦਾਰਥਾਂ ਸਮੇਤ ਔਰਤ ਸਣੇ ਤਿੰਨ ਕਾਬੂ
ਦੇਸੀ ਕੱਟੇ ਅਤੇ ਨਸ਼ੀਲੇ ਪਦਾਰਥਾਂ ਸਮੇਤ ਔਰਤ ਸਣੇ ਤਿੰਨ ਕਾਬੂ
Publish Date: Thu, 16 Apr 2026 06:25 PM (IST)
Updated Date: Thu, 16 Apr 2026 06:27 PM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਬਠਿੰਡਾ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਇਕ ਵਿਅਕਤੀ ਨੂੰ ਨਾਜਾਇਜ਼ ਹਥਿਆਰ ਅਤੇ ਔਰਤ ਸਮੇਤ ਦੋ ਵਿਅਕਤੀਆਂ ਨੂੰ ਹੈਰੋਇਨ ਤੇ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕਥਿਤ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ, ਐੱਨਡੀਪੀਐੱਸ ਐਕਟ ਅਤੇ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੇ ਮਾਮਲੇ ਵਿਚ ਥਾਣਾ ਸਦਰ ਰਾਮਪੁਰਾ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਦੇਸਪਾਲ ਸਿੰਘ ਅਨੁਸਾਰ ਪੁਲਿਸ ਟੀਮ ਨੇ ਪਿੰਡ ਚਾਉਕੇ ਦੇ ਸੂਏ ਨੇੜੇ ਕੀਤੀ ਨਾਕਾਬੰਦੀ ਦੌਰਾਨ ਪਰਮਦੀਪ ਸਿੰਘ ਵਾਸੀ ਭੁੰਦੜ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਤਲਾਸ਼ੀ ਲੈਣ ਤੇ ਉਸ ਕੋਲੋਂ ਇਕ 315 ਬੋਰ ਦਾ ਦੇਸੀ ਕੱਟਾ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਹੋਇਆ। ਪੁਲਿਸ ਨੇ ਮੁਲਜ਼ਮ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰਕੇ ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਉਹ ਨਾਜਾਇਜ਼ ਅਸਲਾ ਕਿੱਥੋਂ ਲੈ ਕੇ ਆਇਆ ਸੀ ਅਤੇ ਕਿਸ ਮਕਸਦ ਲਈ ਲੈ ਕੇ ਆਇਆ ਸੀ। ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਥਰਮਲ ਦੀ ਪੁਲਿਸ ਨੇ ਸਥਾਨਕ ਗੁਰੂ ਨਾਨਕ ਨਗਰ ਵਿਚ ਕੀਤੀ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਦਬੋਚਿਆ ਹੈ। ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੁਲਵੀਰ ਸਿੰਘ ਵਾਸੀ ਗੁਰੂ ਨਾਨਕ ਨਗਰ ਕੋਲੋਂ 8.30 ਗ੍ਰਾਮ ਹੈਰੋਇਨ ਚਿੱਟਾ ਬਰਾਮਦ ਹੋਈ ਹੈ, ਜਿਸ ਤੋਂ ਬਾਅਦ ਉਸ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਨਾਜਾਇਜ਼ ਸ਼ਰਾਬ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਪਿੰਡ ਗਹਿਰੀ ਭਾਗੀ ਵਿਚ ਛਾਪੇਮਾਰੀ ਕੀਤੀ। ਸਹਾਇਕ ਥਾਣੇਦਾਰ ਮੇਜਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਮਨਪ੍ਰੀਤ ਕੌਰ ਵਾਸੀ ਗਹਿਰੀ ਭਾਗੀ ਕੋਲੋਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 10 ਬੋਤਲਾਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਮੁਲਜ਼ਮ ਮਹਿਲਾ ਵਿਰੁੱਧ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।