- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਣਕ ਖਰੀਦ ਚ ਦੇਰੀ ਖ਼ਿਲਾਫ਼ ਬੀਕੇਯੂ ਸਿੱਧੂਪੁਰ ਵੱਲੋਂ ਡੀਐਫਐਸਸੀ ਦਫਤਰ ਦਾ ਘਿਰਾਓ

- 15 ਦਿਨ ਬਾਅਦ ਵੀ ਖ਼ਰੀਦ ਨਾ ਸ਼ੁਰੂ ਹੋਣ ’ਤੇ ਕਿਸਾਨਾਂ ’ਚ ਰੋਸ, ਸਰਕਾਰਾਂ ’ਤੇ ਕਿਸਾਨਾਂ ਪ੍ਰਤੀ ਬੇਰੁਖ਼ੀ ਦੇ ਦੋਸ਼
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਹੋਣ ਤੋਂ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਸੁਚੱਜੇ ਢੰਗ ਨਾਲ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਥਿਤੀ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪੰਜਾਬ ਭਰ ਵਿੱਚ ਡੀਐੱਫਐੱਸਸੀ ਦਫ਼ਤਰਾਂ ਦਾ ਘਿਰਾਓ ਕੀਤਾ ਗਿਆ। ਬਠਿੰਡਾ ਵਿੱਚ ਵੀ ਕਿਸਾਨਾਂ ਵੱਲੋਂ ਡੀਐੱਫਐੱਸਸੀ ਦਫ਼ਤਰ ਅੱਗੇ ਪ੍ਰਦਰਸ਼ਨ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸੰਦੋਹਾ ਅਤੇ ਰੇਸਮ ਸਿੰਘ ਯਾਤਰੀ ਨੇ ਕਿਹਾ ਕਿ ਪਹਿਲਾਂ ਹੀ ਮੀਂਹ, ਹਨੇਰੀ ਅਤੇ ਝੱਖੜ ਕਾਰਨ ਕਿਸਾਨਾਂ ਦੀ ਫਸਲ ਨੂੰ ਨੁਕਸਾਨ ਹੋ ਚੁੱਕਾ ਹੈ, ਪਰ ਹੁਣ ਸਰਕਾਰਾਂ ਦੀ ਲਾਪ੍ਰਵਾਹੀ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਕਣਕ ਨਾਲ ਰੁਲਣਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਹੀ ਕਿਸਾਨਾਂ ਪ੍ਰਤੀ ਗੰਭੀਰ ਨਹੀਂ ਹਨ ਅਤੇ ਕਿਸਾਨ ਹਿਤੈਸ਼ੀ ਹੋਣ ਦੇ ਸਿਰਫ਼ ਦਾਅਵੇ ਹੀ ਕਰ ਰਹੀਆਂ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ‘ਕਣਕ ਦਾ ਦਾਣਾ-ਦਾਣਾ ਖਰੀਦਣ’ ਦੇ ਦਾਅਵੇ ਕੀਤੇ ਗਏ ਸਨ, ਪਰ ਅਸਲ ਵਿੱਚ ਖਰੀਦ ਏਜੰਸੀਆਂ ਹੜਤਾਲ ’ਤੇ ਹਨ ਜਾਂ ਖਰੀਦ ਕਰਨ ਤੋਂ ਪਿੱਛੇ ਹਟ ਰਹੀਆਂ ਹਨ। ਇਸ ਕਰ ਕੇ ਕਿਸਾਨਾਂ ਨੂੰ ਵੱਡੀ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਰਾਜਸਥਾਨ ਦੀ ਤਰ੍ਹਾਂ ਪੰਜਾਬ ਵਿੱਚ ਵੀ ਖ਼ਰੀਦ ਦੇ ਮਾਪਦੰਡਾਂ ਵਿੱਚ ਢਿੱਲ ਦਿੱਤੀ ਜਾਵੇ, ਤਾਂ ਜੋ ਮੀਂਹ ਕਾਰਨ ਨੁਕਸਾਨੀ ਕਣਕ ਦੀ ਤੁਰੰਤ ਖ਼ਰੀਦ ਸ਼ੁਰੂ ਹੋ ਸਕੇ। ਨਾਲ ਹੀ, ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਤੁਰੰਤ ਰਾਹਤ ਫੰਡ ਜਾਰੀ ਕੀਤਾ ਜਾਵੇ। ਕਿਸਾਨ ਆਗੂਆਂ ਨੇ ਫਸਲੀ ਬੀਮੇ ਦੀ ਪ੍ਰਕਿਰਿਆ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਬੀਮਾ ਕੰਪਨੀਆਂ ਕਿਸਾਨਾਂ ਤੋਂ ਪ੍ਰੀਮੀਅਮ ਤਾਂ ਵਸੂਲ ਕਰਦੀਆਂ ਹਨ, ਪਰ ਨੁਕਸਾਨ ਹੋਣ ’ਤੇ ਮੁਆਵਜ਼ਾ ਦੇਣ ਤੋਂ ਕਤਰਾਉਂਦੀਆਂ ਹਨ। ਉਨ੍ਹਾਂ ਦਲੀਲ ਦਿੱਤੀ ਕਿ ਮੌਜੂਦਾ ਨੀਤੀ ਅਨੁਸਾਰ ਵੱਡੇ ਖੇਤਰ ਨੂੰ ਇਕਾਈ ਮੰਨ ਕੇ ਨੁਕਸਾਨ ਦਾ ਅੰਦਾਜ਼ਾ ਲਾਇਆ ਜਾਂਦਾ ਹੈ, ਜਿਸ ਕਾਰਨ ਛੋਟੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਮਿਲਦਾ। ਉਨ੍ਹਾਂ ਮੰਗ ਕੀਤੀ ਕਿ ਇੱਕ ਏਕੜ ਨੂੰ ਇਕਾਈ ਮੰਨ ਕੇ ਮੁਆਵਜ਼ਾ ਦਿੱਤਾ ਜਾਵੇ ਅਤੇ ਸਰਕਾਰ ਖੁਦ ਬੀਮੇ ਦੀ ਜ਼ਿੰਮੇਵਾਰੀ ਸੰਭਾਲੇ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਮੰਡੀ ਵਿੱਚ ਕਿਸਾਨਾਂ ਨਾਲ ਕਾਟ ਮੰਗ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਥੇਬੰਦੀ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਗੁਰਮੇਲ ਸਿੰਘ ਲਹਿਰਾ, ਮੁਖਤਿਆਰ ਸਿੰਘ ਕੁੱਬੇ, ਬਲਵਿੰਦਰ ਸਿੰਘ ਜੋਧਪੁਰ, ਮਹਿਮਾ ਸਿੰਘ ਚੱਠੇਆਲ, ਕੁਲਵੰਤ ਸਿੰਘ ਨਿਹਾਲਾ, ਜਸਵੀਰ ਸਿੰਘ ਗਹਿਰੀ, ਜਸਵਿੰਦਰ ਸਿੰਘ ਫੌਜੀ, ਦੀਪੂ ਮੰਡੀ ਕਲਾਂ, ਸੁਖਦੇਵ ਸਿੰਘ ਫੂਲ, ਹਰਭਗਵਾਨ ਮਹਿਤਾ, ਦਰਸ਼ਨ ਸਿੰਘ ਬੱਜੋਆਣਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਔਰਤਾਂ ਵੀ ਮੌਜੂਦ ਸਨ। ਕਿਸਾਨਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਸਰਕਾਰਾਂ ਵੱਲੋਂ ਜਲਦੀ ਕਣਕ ਦੀ ਖ਼ਰੀਦ ਸ਼ੁਰੂ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।