ਟੋਲ ਪਲਾਜ਼ੇ ਕੈਸ਼ਲੈੱਸ ਕਰਨ ਨਾਲ ਸੈਂਕੜੇ ਵਰਕਰਾਂ ਦਾ ਖੁਸੇਗਾ ਰੁਜ਼ਗਾਰ
ਟੋਲ ਪਲਾਜ਼ੇ ਕੈਸ਼ਲੈਸ ਕਰਨ ਨਾਲ ਸੈਂਕੜੇ ਵਰਕਰਾਂ ਦਾ ਖੁਸੇਗਾ ਰੁਜ਼ਗਾਰ
Publish Date: Thu, 16 Apr 2026 05:36 PM (IST)
Updated Date: Thu, 16 Apr 2026 05:39 PM (IST)
- ਟੋਲ ਪਲਾਜ਼ਾ ਵਰਕਰਾਂ ਕਿਸਾਨ ਜਥੇਬੰਦੀਆਂ ਨਾਲ ਧਰਨਾ ਲਾ ਕੇ ਤਿੰਨ ਘੰਟੇ ਕੀਤਾ ਟੋਲ ਫਰੀ
ਧਰਮਪਾਲ ਸਿੰਘ, ਪੰਜਾਬੀ ਜਾਗਰਣ
ਸੰਗਤ ਮੰਡੀ : ਬਠਿੰਡਾ ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਜੱਸੀ ਬਾਗਵਾਲੀ ਨਜ਼ਦੀਕ ਬਣੇ ਟੋਲ ’ਤੇ ਟੋਲ ਪਲਾਜ਼ਾ ਮੁਲਾਜ਼ਮਾਂ ਟੋਲ ਕੈਸ਼ਲੈੱਸ ਕਰਨ ਦੇ ਰੋਸ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਡਕੌਂਦਾ ਦੇ ਆਗੂਆਂ ਨਾਲ ਮਿਲ ਕੇ ਤਿੰਨ ਘੰਟੇ ਜਿੱਥੇ ਟੋਲ ਫਰੀ ਕੀਤਾ, ਉੱਥੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਟੋਲ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਇਆ ਤਾਂ ਉਨ੍ਹਾਂ ਦੇ ਨਾਲ ਮਿਲ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਜੱਸੀ ਬਾਗਵਾਲੀ ਟੋਲ ਪਲਾਜ਼ਾ ਦੇ ਪ੍ਰਧਾਨ ਹਰਮਨਦੀਪ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਦੇ ਪ੍ਰਧਾਨ ਰਾਮ ਸਿੰਘ ਕੋਟਗੁਰੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੇਂਦਰ ਸਰਕਾਰ ਨੈਸ਼ਨਲ ਅਥਾਰਟੀ ਆਫ ਇੰਡੀਆ ਵੱਲੋਂ ਟੋਲ ਪਲਾਜ਼ਾ ਨੂੰ ਕੈਸ਼ਲੈੱਸ਼ ਕਰ ਕੇ ਉੱਥੇ ਕੰਮ ਕਰਦੇ ਹਜ਼ਾਰਾਂ ਵਰਕਰਾਂ ਨੂੰ ਨੌਕਰੀ ਤੋਂ ਕੱਢਣ ਦੀ ਯੋਜਨਾ ਬਣਾਈ ਜਾ ਰਹੀ ਹੈ, ਇਸ ਨਾਲ ਟੋਲ ’ਤੇ ਕੰਮ ਕਰਦੇ ਹਜ਼ਾਰਾਂ ਨੌਜਵਾਨਾਂ ਦਾ ਰੁਜ਼ਗਾਰ ਖੁਸ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਟੋਲ ਪਲਾਜ਼ਾ ’ਤੇ ਕੈਸ਼ ਅਤੇ ਡਿਜ਼ੀਟਲ ਭੁਗਤਾਨ ਨੂੰ ਜਾਰੀ ਰੱਖਿਆ ਜਾਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਰਮਚਾਰੀਆਂ ਦੀ ਸੁਰੱਖਿਆ ਲਈ ਪੁਲਿਸ ਕਰਮਚਾਰੀਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਟੋਲ ’ਤੇ ਕੰਮ ਕਰਦੇ ਮੁਲਾਜ਼ਮ ਬਿਨਾਂ ਡਰ ਅਤੇ ਭੈਅ ਦੇ ਕੰਮ ਕਰ ਸਕਣ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਕੇਂਦਰ ਸਰਕਾਰ ਅਤੇ ਨੈਸ਼ਨਲ ਅਥਾਰਟੀ ਆਫ ਇੰਡੀਆ ਵੱਲੋਂ ਟੋਲ ਪਲਾਜ਼ਿਆਂ ’ਤੇ ਕੈਸ਼ਲੈਸ ਸਕੀਮ ਨੂੰ ਲਾਗੂ ਕੀਤਾ ਗਿਆ ਤਾਂ ਇਸ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।