- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਣਕ ਦੀ ਖਰੀਦ ਸ਼ੁਰੂ ਨਾ ਕਰਵਾਉਣ ਲਈ ਬੀਕਯੂ ਉਗਰਾਹਾਂ ਨੇ ਡੀਸੀ ਦਫ਼ਤਰ ਅੱਗੇ ਦਿੱਤਾ ਧਰਨ

- ਡੀਸੀ ਨੇ ਮੀਟਿੰਗ ਦੌਰਾਨ ਖ਼ਰੀਦ ਸ਼ੁਰੂ ਹੋਣ ਦਾ ਕੀਤਾ ਦਾਅਵਾ, ਖ਼ਰੀਦ ਸ਼ੁਰੂ ਨਾ ਹੋਣ ਦੀ ਸੂਰਤ ’ਚ ਤਿੱਖਾ ਸੰਘਰਸ਼ ਕਰਨ ਦਾ ਐਲਾਨ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਸੂਬਾ ਕਮੇਟੀ ਦੇ ਸੱਦੇ ਤਹਿਤ ਕਣਕ ਦੀ ਬੰਦ ਪਈ ਜਾਂ ਨਾ ਬਰਾਬਰ ਸ਼ੁਰੂ ਕੀਤੀ ਸਰਕਾਰੀ ਖ਼ਰੀਦ ਨੂੰ ਪੂਰੇ ਸਰਕਾਰੀ ਭਾਅ ’ਤੇ ਸਾਰੀ ਕਣਕ ਵਿਕਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਵੀ ਕੀਤੀ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਠੀਕ ਚੱਲ ਰਹੀ ਹੈ, ਪਰ ਜਦੋਂ ਆਗੂਆਂ ਨੇ ਦੱਸਿਆ ਕਿ ਕੁਝ ਪਿੰਡਾਂ ਵਿੱਚ ਹਾਲੇ ਤਕ ਇਕ ਵੀ ਦਾਣੇ ਦੀ ਖਰੀਦ ਨਹੀਂ ਕੀਤੀ ਗਈ ਤਾਂ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦਾ ਅੰਕੜਾ ਪੇਸ਼ ਕਰਕੇ ਦੱਸਿਆ ਗਿਆ ਕਿ ਜੇਠੂਕੇ ਸਮੇਤ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਹੋਈ ਹੈ। ਪਰ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਉਥੇ ਹਾਲੇ ਤਕ ਕੋਈ ਖ਼ਰੀਦ ਨਹੀਂ ਹੋਈ ਤਾਂ ਡਿਪਟੀ ਕਮਿਸ਼ਨਰ ਵੱਲੋਂ ਚੈਕਿੰਗ ਲਈ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਅਧਿਕਾਰੀ ਨੂੰ ਭੇਜਿਆ ਗਿਆ, ਜਿੱਥੇ ਜਾ ਕੇ ਪਤਾ ਲੱਗ ਗਿਆ ਕਿ ਇਹ ਖ਼ਰੀਦ ਸਿਰਫ ਕਾਗਜ਼ਾਂ ਵਿੱਚ ਹੀ ਹੋਈ ਹੈ। ਸਰਕਾਰੀ ਰਿਕਾਰਡ ਮੁਤਾਬਿਕ ਮੰਡੀ ਵਿੱਚ ਜਾ ਕੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਕਣਕ ਨਹੀਂ ਖ਼ਰੀਦੀ ਗਈ।
ਇਸੇ ਤਰ੍ਹਾਂ ਢੱਡੇ, ਗਿੱਦੜ, ਨਾਥਪੁਰਾ ਹੋਰ ਪਿੰਡਾਂ ਦੀਆਂ ਉਦਾਹਰਨਾਂ ਵੀ ਡਿਪਟੀ ਕਮਿਸ਼ਨਰ ਨੂੰ ਸੁਣਾਈਆਂ ਗਈਆਂ। ਧਰਨੇ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਹਰਿੰਦਰ ਬਿੰਦੂ ਨੇ ਕਿਹਾ ਕਿ ਨੇ ਇਸ ਸਾਲ ਫਰਵਰੀ ਮਾਰਚ ਦੇ ਮਹੀਨੇ ਜ਼ਿਆਦਾ ਗਰਮੀ ਪੈਣ ਕਾਰਨ, ਫ਼ਿਰ ਭਾਰੀ ਮੀਂਹ, ਝੱਖੜ ਅਤੇ ਹਨੇਰੀ ਨੇ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ। ਅੱਗ ਲੱਗਣ ਕਾਰਨ ਸੈਂਕੜੇ ਏਕੜ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ ਹੈ, ਹੁਣ ਜੋ ਕਣਕ ਦੀ ਫਸਲ ਪੱਕ ਕੇ ਮੰਡੀਆਂ ਵਿੱਚ ਆ ਰਹੀ ਹੈ ਉਸ ਦੀ ਖ਼ਰੀਦ ਨਾ ਹੋਣ ਕਰ ਕੇ ਦਾਣਾ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗ ਗਏ ਹਨ, ਕਿਉਂਕਿ ਕੇਂਦਰ ਸਰਕਾਰ ਵੱਲਂ ਖ਼ਰੀਦ ’ਤੇ ਲਾਈਆਂ ਸਖਤ ਸ਼ਰਤਾਂ ਕਾਰਨ ਖ਼ਰੀਦ ਏਜੰਸੀਆਂ ਨੇ ਕਣਕ ਖਰੀਦਣ ਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ’ਤੇ ਟੇਕ ਰੱਖੀ ਹੋਈ ਹੈ, ਜਿਸ ਸਬੰਧੀ ਪੰਜਾਬ ਸਰਕਾਰ ਨੇ ਚੁੱਪ ਧਾਰੀ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਵਿਸਵ ਵਪਾਰ ਸੰਸਥਾ ਦੀਆਂ ਨੀਤੀਆਂ ਤਹਿਤ ਕੇਂਦਰ ਅਤੇ ਰਾਜ ਸਰਕਾਰਾਂ ਫਸਲਾਂ ਦੀ ਖਰੀਦ ’ਤੇ ਸਖਤ ਸਰਤਾਂ ਮੜ ਕੇ ਖਰੀਦ ਤੋਂ ਭੱਜਣ ਲਈ ਕਈ ਸਾਲਾਂ ਤੋਂ ਕੋਸ਼ਿਸ਼ਾਂ ਕਰ ਰਹੀਆਂ ਹਨ ਤਾਂ ਕਿ ਫਸਲਾਂ ਨੂੰ ਵਪਾਰੀ ਮਨ ਮਰਜੀ ਦੇ ਭਾਅ ਤੇ ਲੁੱਟ ਸਕਣ ਅਤੇ ਗਰੀਬਾਂ ਲਈ ਚਲਦੀ ਜਨਤਕ ਵੰਡ ਪ੍ਰਣਾਲੀ ਰਾਹੀਂ ਮਿਲਦੇ ਰਾਸ਼ਨ ਦਾ ਭੋਗ ਪਾਇਆ ਜਾ ਸਕੇ। ਪਰ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤਕਸ ਲੋਕਾਂ ਜਥੇਬੰਦੀਆਂ ਦੇ ਸੰਘਰਸ਼ ਕਾਰਨ ਹਾਲੇ ਤੱਕ ਸਰਕਾਰੀ ਖਰੀਦ ਜਾਰੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਕੁਦਰਤੀ ਕਰੋਪੀ ਕਾਰਨ ਕਣਕ ਦੇ ਦਾਣੇ ਡੈਮੇਜ ਜਾਂ ਡਿਸਕਲਰ ਹੋਏ ਹਨ, ਉਨ੍ਹਾਂ ’ਤੇ ਸ਼ਰਤਾਂ ਖਤਮ ਜਾਂ ਨਰਮ ਕਰ ਕੇ ਕਿਸਾਨਾਂ ਨੂੰ ਰਾਹਤ ਤਾਂ ਕੀ ਦੇਣੀ ਸੀ ਜੋ ਹੁਣ ਫਸਲ ਮੰਡੀ ਵਿੱਚ ਆਈ ਹੈ, ਉਸ ਨੂੰ ਵੀ ਨਾ ਖ਼ਰੀਦ ਕੇ ਕਿਸਾਨਾਂ ਨੂੰ 10 ਦਿਨਾਂ ਤੋਂ ਵੱਧ ਸਮੇਂ ਤੋਂ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕਣਕ ਦੀ ਖ਼ਰੀਦ ਤੇ ਲਾਈਆਂ ਬੇਲੋੜੀਆਂ ਸ਼ਰਤਾਂ ਖ਼ਤਮ ਕਰ ਕੇ ਤੁਰੰਤ ਸਾਰੀ ਕਣਕ ਦੀ ਖ਼ਰੀਦ ਸ਼ੁਰੂ ਪੂਰੇ ਸਰਕਾਰੀ ਭਾਅ ’ਤੇ ਕੀਤੀ ਜਾਵੇ। ਕੁਦਰਤੀ ਕਰੋਪੀ ਕਾਰਨ ਹੋਈ ਗੜੇਮਾਰੀ ਅਤੇ ਅੱਗ ਲੱਗਣ ਕਾਰਨ ਹੋਏ ਫਸਲਾਂ ਦੇ ਨੁਕਸਾਨ ਦਾ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਅੱਜ ਦੇ ਧਰਨੇ ਵਿੱਚ ਮਾਲਣ ਕੌਰ ਕੋਠਾ ਗੁਰੂ, ਪਰਮਜੀਤ ਕੌਰ ਪਿੱਥੋ, ਜਗਸੀਰ ਸਿੰਘ ਝੁੰਬਾ, ਨਛੱਤਰ ਸਿੰਘ ਢੱਡੇ, ਜਸਵੀਰ ਸਿੰਘ ਬੁਰਜ ਸੇਮਾ, ਰਾਮ ਸਿੰਘ ਕੋਟਗੁਰੂ, ਅਵਤਾਰ ਸਿੰਘ ਪੂਹਲਾ, ਜਸਪਾਲ ਸਿੰਘ ਕੋਠਾ ਗੁਰੂ, ਧਰਮਪਾਲ ਸਿੰਘ ਜੰਡੀਆਂ, ਰਣਜੋਧ ਸਿੰਘ ਮਾਹੀ ਨੰਗਲ, ਜਸਕਰਨ ਸਿੰਘ ਕੋਟਗੁਰੂ ਵੀ ਸ਼ਾਮਲ ਸਨ।