ਕੈਸ਼ਲੈੱਸ ਟੋਲ ਪ੍ਰਣਾਲੀ ਖ਼ਿਲਾਫ਼ ਬੱਲੂਆਣਾ ਟੋਲ ਪਲਾਜ਼ਾ ’ਤੇ ਰੋਸ ਪ੍ਰਦਰਸ਼ਨ
ਕੈਸ਼ਲੈਸ ਟੋਲ ਪ੍ਰਣਾਲੀ ਖ਼ਿਲਾਫ਼ ਬੱਲੂਆਣਾ ਟੋਲ ਪਲਾਜ਼ਾ ‘ਤੇ ਪ੍ਰਦਰਸ਼ਨ
Publish Date: Thu, 16 Apr 2026 05:20 PM (IST)
Updated Date: Thu, 16 Apr 2026 05:24 PM (IST)

- ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਗੁਰਨੈਬ ਸਾਜਨ, ਪੰਜਾਬੀ ਜਾਗਰਣ ਬੱਲੂਆਣਾ : ਬਠਿੰਡਾ-ਮਲੋਟ ਰੋਡ ’ਤੇ ਸਥਿਤ ਬੱਲੂਆਣਾ ਟੋਲ ਪਲਾਜ਼ਾ ’ਤੇ ਕੈਸ਼ਲੈੱਸ ਪ੍ਰਣਾਲੀ ਦੇ ਵਿਰੋਧ ਵਿਚ ਟੋਲ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਰਮਚਾਰੀਆਂ ਨੇ ਤਿੰਨ ਘੰਟਿਆਂ ਲਈ ਟੋਲ ਪਲਾਜ਼ਾ ਨੂੰ ਪਰਚੀ ਮੁਕਤ ਕਰ ਦਿੱਤਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਕਰਮਚਾਰੀਆਂ ਦੀ ਹਮਾਇਤ ਕੀਤੀ। ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਲਾਗੂ ਕੀਤੀ ਕੈਸ਼ਲੈੱਸ ਟੋਲ ਪ੍ਰਣਾਲੀ ਜ਼ਮੀਨੀ ਹਕੀਕਤਾਂ ਨਾਲ ਮੇਲ ਨਹੀਂ ਖਾਂਦੀ। ਉਨ੍ਹਾਂ ਦਲੀਲ ਦਿੱਤੀ ਕਿ ਦੇਸ਼ ਦੇ ਵੱਡੇ ਹਿੱਸੇ ਦੇ ਲੋਕ ਅਜੇ ਵੀ ਨਕਦ ’ਤੇ ਨਿਰਭਰ ਹਨ ਅਤੇ ਹਰ ਕੋਈ ਡਿਜ਼ੀਟਲ ਭੁਗਤਾਨ ਸਹੂਲਤਾਂ ਵਰਤਣ ਵਿਚ ਸਮਰੱਥ ਨਹੀਂ। ਨਾਲ ਹੀ ਸਰਵਰ ਡਾਊਨ ਅਤੇ ਨੈੱਟਵਰਕ ਸਮੱਸਿਆਵਾਂ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਯੂਨੀਅਨ ਨੇ ਦੋਸ਼ ਲਾਇਆ ਕਿ ਕੈਸ਼ ਬੰਦ ਹੋਣ ਨਾਲ ਟੋਲ ਕਰਮਚਾਰੀਆਂ ਅਤੇ ਵਾਹਨ ਚਾਲਕਾਂ ਵਿਚ ਝਗੜੇ ਵਧੇ ਹਨ, ਜਿਸ ਨਾਲ ਕਰਮਚਾਰੀਆਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਨੇ ਕੈਸ਼ਲੈੱਸ ਪ੍ਰਣਾਲੀ ਤੁਰੰਤ ਰੱਦ ਕਰਨ, ਕੈਸ਼ ਅਤੇ ਡਿਜ਼ੀਟਲ ਦੋਵਾਂ ਭੁਗਤਾਨ ਲਾਜ਼ਮੀ ਕਰਨ ਅਤੇ ਟੋਲ ਕਰਮਚਾਰੀਆਂ ਦੀ ਸੁਰੱਖਿਆ ਲਈ ਪੱਕੇ ਪ੍ਰਬੰਧ ਕਰਨ ਦੀ ਮੰਗ ਕੀਤੀ। ਯੂਨੀਅਨ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਅਪੀਲ ਕੀਤੀ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਟੋਲ ਪਲਾਜ਼ਿਆਂ ਨੂੰ ਅਣਮਿੱਥੇ ਸਮੇਂ ਲਈ ਮੁਫ਼ਤ ਕੀਤਾ ਜਾ ਸਕਦਾ ਹੈ।