ਡਾਇਰੈਕਟਰ ਸਿਹਤ ਵਿਭਾਗ ਵੱਲੋਂ ਆਮ ਆਦਮੀ ਕਲੀਨਿਕਾਂ ਦਾ ਦੌਰਾ
ਡਾਇਰੈਕਟਰ ਸਿਹਤ ਵਿਭਾਗ ਵੱਲੋਂ ਖੂਨਦਾਨ ਕੈਂਪ, ਪ੍ਰਦਰਸ਼ਨੀ ਅਤੇ ਆਮ ਆਦਮੀ ਕਲੀਨਿਕਾਂ ਦਾ ਕੀਤਾ ਦੌਰਾ
Publish Date: Thu, 16 Apr 2026 04:38 PM (IST)
Updated Date: Thu, 16 Apr 2026 04:42 PM (IST)
- ਖ਼ੂਨਦਾਨੀਆਂ ਨੂੰ ਦਿੱਤੇ ਪ੍ਰਸ਼ੰਸਾ ਪੱਤਰ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਵਿਸਾਖੀ ਮੇਲੇ ਦੇ ਮੌਕੇ ’ਤੇ ਡਾਇਰੈਕਟਰ ਸਿਹਤ ਵਿਭਾਗ ਡਾ. ਅਨਿਲ ਗੋਇਲ ਵੱਲੋਂ ਲਗਾਏ ਗਏ ਖ਼ੂਨਦਾਨ ਕੈਂਪ, ਸਿਹਤ ਪ੍ਰਦਰਸ਼ਨੀ ਅਤੇ ਆਮ ਆਦਮੀ ਕਲੀਨਿਕਾਂ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਤਲਵੰਡੀ ਸਾਬੋ ਡਾ. ਰਵੀ ਕਾਂਤ ਗੁਪਤਾ, ਬੀਟੀਓ ਡਾ. ਰੀਤੀਕਾ ਅਤੇ ਡਾ. ਅਮਨਪ੍ਰੀਤ ਸਿੰਘ ਸੇਠੀ ਮੌਜੂਦ ਸਨ। ਡਾਇਰੈਕਟਰ ਸਿਹਤ ਵਿਭਾਗ ਪੰਜਾਬ ਡਾ. ਅਨਿਲ ਗੋਇਲ ਨੇ ਸਭ ਤੋਂ ਪਹਿਲਾਂ ਖ਼ੂਨਦਾਨ ਕੈਂਪ ਦਾ ਜਾਇਜ਼ਾ ਲੈਂਦਿਆਂ ਉੱਥੇ ਚੱਲ ਰਹੀਆਂ ਪ੍ਰਕਿਰਿਆਵਾਂ ਦੀ ਜਾਂਚ ਕੀਤੀ ਅਤੇ ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਖ਼ੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ।
ਉਨ੍ਹਾਂ ਕਿਹਾ ਕਿ ਖ਼ੂਨਦਾਨ ਇਕ ਮਹਾਨ ਸੇਵਾ ਹੈ, ਜੋ ਕਈ ਕੀਮਤੀ ਜ਼ਿੰਦਗੀਆਂ ਬਚਾਉਣ ਵਿਚ ਸਹਾਇਕ ਸਾਬਤ ਹੁੰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਡਾਇਰੈਕਟਰ ਨੇ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਲਾਈ ਗਈ ਪ੍ਰਦਰਸ਼ਨੀ ਦਾ ਦੌਰਾ ਕੀਤਾ, ਜਿੱਥੇ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ, ਟੈਲੀਮਾਨਸ, ਅੰਗਦਾਨ ਤੋਂ ਇਲਾਵਾ ਵੱਖ-ਵੱਖ ਬਿਮਾਰੀਆਂ ਤੋਂ ਬਚਾਅ, ਸਫ਼ਾਈ, ਪੋਸ਼ਣ ਅਤੇ ਸਰਕਾਰੀ ਸਿਹਤ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਸੀ। ਡਾਇਰੈਕਟਰ ਨੇ ਆਮ ਆਦਮੀ ਕਲੀਨਿਕਾਂ ਦਾ ਵੀ ਦੌਰਾ ਕੀਤਾ ਅਤੇ ਉੱਥੇ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸਿਵਲ ਸਰਜਨ ਬਠਿੰਡਾ ਨੇ ਡਾਇਰੈਕਟਰ ਨੂੰ ਵਿਸਾਖੀ ਮੇਲੇ ਦੌਰਾਨ ਕੀਤੀਆਂ ਸਿਹਤ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ 24 ਘੰਟੇ ਡਾਕਟਰੀ ਸੇਵਾਵਾਂ, ਐਮਰਜੈਂਸੀ ਸਹਾਇਤਾ ਅਤੇ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਈ ਗਈ ਹੈ।