ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਲਾਇਆ
ਰਾਮਾਂ ਮੰਡੀ ਵਿਚ ਵਿਸ਼ਾਲ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਲਾਇਆ
Publish Date: Thu, 16 Apr 2026 04:28 PM (IST)
Updated Date: Thu, 16 Apr 2026 04:30 PM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ ਰਾਮਾਂ ਮੰਡੀ : ਦਿ ਰਾਮਾਂ ਸਹਾਰਾ ਕਲੱਬ ਅਤੇ ਗਰੇ ਮੈਟਰਜ਼ ਆਇਲਟਸ ਸੈਂਟਰ ਬਠਿੰਡਾ ਦੇ ਵਿਸ਼ੇਸ਼ ਸਹਿਯੋਗ ਨਾਲ ਸਹਾਰਾ ਆਈ ਕੇਅਰ ਸੈਂਟਰ, ਰਾਮਸਰਾ ਰੋਡ ਰਾਮਾਂ ਮੰਡੀ ਵਿਚ ਇਕ ਵਿਸ਼ਾਲ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਲਾਇਆ ਗਿਆ। ਕੈਂਪ ਦੀ ਅਗਵਾਈ ਕਲੱਬ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਕਾਂਸਲ, ਸਕੱਤਰ ਐਡਵੋਕੇਟ ਵਿਕਰਾਂਤ ਗੋਇਲ ਅਤੇ ਹੰਸ ਰਾਜ ਖੰਨਾ ਵੱਲੋਂ ਕੀਤੀ ਗਈ। ਕੈਂਪ ਦੌਰਾਨ ਕੁੱਲ 51 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਤਜ਼ਰਬੇਕਾਰ ਡਾਕਟਰਾਂ ਦੀ ਟੀਮ ਨੇ ਹਰ ਮਰੀਜ਼ ਦੀ ਬਰੀਕੀ ਨਾਲ ਜਾਂਚ ਕਰ ਕੇ ਉਨ੍ਹਾਂ ਨੂੰ ਸਹੀ ਸਲਾਹ ਅਤੇ ਇਲਾਜ ਮੁਹੱਈਆ ਕਰਵਾਇਆ। ਜਾਂਚ ਤੋਂ ਬਾਅਦ 8 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ, ਜਿਨ੍ਹਾਂ ਦੇ ਆਪ੍ਰੇਸ਼ਨ ਪੂਰੀ ਤਰ੍ਹਾਂ ਮੁਫ਼ਤ ਕੀਤੇ ਜਾਣਗੇ। ਇਹ ਸਾਰਾ ਖ਼ਰਚਾ ਦਿ ਰਾਮਾਂ ਸਹਾਰਾ ਕਲੱਬ ਅਤੇ ਗਰੇ ਮੈਟਰਜ਼ ਆਇਲਟਸ ਸੈਂਟਰ ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾਵੇਗਾ। ਇਸ ਮੌਕੇ ਕਲੱਬ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸਮਾਜ ਦੇ ਹਰ ਵਰਗ ਤਕ ਸਿਹਤ ਸਹੂਲਤਾਂ ਪਹੁੰਚਾਉਣਾ ਹੈ, ਖ਼ਾਸ ਕਰਕੇ ਉਹ ਲੋਕ, ਜੋ ਆਰਥਿਕ ਤੌਰ ’ਤੇ ਕਮਜ਼ੋਰ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਮਾਜ ਸੇਵੀ ਉਪਰਾਲੇ ਜਾਰੀ ਰਹਿਣਗੇ। ਇਲਾਕਾ ਵਾਸੀਆਂ ਵੱਲੋਂ ਇਸ ਕੈਂਪ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਗਈ। ਲੋਕਾਂ ਨੇ ਕਿਹਾ ਕਿ ਅਜਿਹੇ ਕੈਂਪ ਮਰੀਜ਼ਾਂ ਲਈ ਵੱਡੀ ਰਾਹਤ ਸਾਬਤ ਹੁੰਦੇ ਹਨ ਅਤੇ ਸਮਾਜ ਵਿਚ ਸੇਵਾ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਕੈਂਪ ਦੌਰਾਨ ਬੂਟਾ ਸਿੰਘ (ਪਾਇਲਟ) ਵੱਲੋਂ ਵੀ ਵਿਸ਼ੇਸ਼ ਯੋਗਦਾਨ ਪਾਇਆ ਗਿਆ।