ਖੁਸ਼ਬਾਜ਼ ਜਟਾਣਾ ਦੀ ਪਤਨੀ ਦਾ ਨਾਂ ਕਾਂਗਰਸੀ ਅਹੁਦੇਦਾਰਾਂ ਦੀ ਸੂਚੀ 'ਚ ਦਰਜ
ਤਲਵੰਡੀ ਸਾਬੋ ਹਲਕੇ 'ਚ ਜਟਾਣਾ ਪਰਿਵਾਰ ਨੂੰ ਮਿਲ ਸਕਦੀ ਹੈ ਵੱਡੀ ਸਿਆਸੀ
Publish Date: Wed, 15 Apr 2026 07:51 PM (IST)
Updated Date: Thu, 16 Apr 2026 04:09 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿੱਚ ਸਿਆਸੀ ਹਲਚਲ ਉਸ ਵੇਲੇ ਤੇਜ਼ ਹੋ ਗਈ ਜਦੋਂ ਸਾਬਕਾ ਹਲਕਾ ਤਲਵੰਡੀ ਸਾਬੋ ਕਾਂਗਰਸ ਇੰਚਾਰਜ ਅਤੇ ਜ਼ਿਲ੍ਹਾ ਦਿਹਾਤੀ ਦੇ ਸਾਬਕਾ ਪ੍ਰਧਾਨ ਮਰਹੂਮ ਖੁਸ਼ਬਾਜ ਸਿੰਘ ਜਟਾਣਾ ਦੀ ਧਰਮ ਪਤਨੀ ਨਵਪ੍ਰੀਤ ਕੌਰ ਜਟਾਣਾ ਦਾ ਨਾਮ ਕਾਂਗਰਸ ਹਾਈ ਕਮਾਂਡ ਨੇ ਪਾਰਟੀ ਦੇ ਸਪੈਸ਼ਲ ਇਨਵਾਇਟੀ ਮੈਂਬਰਾਂ ਦੀ ਸੂਚੀ ਵਿੱਚ ਤੀਸਰੇ ਨੰਬਰ ਉੱਪਰ ਦਰਜ ਕੀਤਾ ਹੈ। ਸੀਨੀਅਰ ਕਾਂਗਰਸੀ ਆਗੂ ਖੁਸ਼ਬਾਜ਼ ਸਿੰਘ ਜਟਾਣਾ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਪਾਰਟੀ ਅੰਦਰ ਮਿਲਣ ਵਾਲੀ ਜਿੰਮੇਵਾਰੀ ਨੂੰ ਲੈ ਕੇ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ, ਕਿਉਕਿ ਉਨ੍ਹਾਂ ਦੀ ਅੰਤਿਮ ਅਰਦਾਸ ਦੌਰਾਨ ਪਾਰਟੀ ਹਾਈਕਮਾਂਡ ਦੇ ਆਹਲਾ ਆਗੂਆਂ ਵੱਲੋਂ ਉਨ੍ਹਾਂ ਦੀ ਧਰਮ ਪਤਨੀ ਨਵਪ੍ਰੀਤ ਕੌਰ ਜਟਾਣਾ ਨੂੰ ਤਲਵੰਡੀ ਸਾਬੋ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਨ ਦੇ ਦਿੱਤੇ ਗਏ ਸੰਕੇਤ ਹੁਣ ਹਕੀਕਤ ਬਣਦੇ ਦਿਖਾਈ ਦੇ ਰਹੇ ਹਨ। ਕਾਂਗਰਸ ਪਾਰਟੀ ਵੱਲੋਂ ਤਾਜ਼ਾ ਜਾਰੀ ਕੀਤੀ ਗਈ ਸਪੈਸ਼ਲ ਇਨਵਾਇਟੀ ਮੈਂਬਰਾਂ ਸੂਚੀ ਵਿੱਚ ਨਵਪ੍ਰੀਤ ਕੌਰ ਜਟਾਣਾ ਦਾ ਨਾਂਅ ਤੀਸਰੇ ਨੰਬਰ ‘ਤੇ ਦਰਜ ਹੋਣਾ ਇਸ ਗੱਲ ਦੀ ਪੱਕੀ ਨਿਸ਼ਾਨਦੇਹੀ ਕਰਦਾ ਹੈ ਕਿ ਪਾਰਟੀ ਉਨ੍ਹਾਂ ਨੂੰ ਭਵਿੱਖ ਵਿੱਚ ਵੱਡੀ ਜ਼ਿੰਮੇਵਾਰੀ ਦੇਣ ਦੇ ਮੂਡ ਵਿੱਚ ਹੈ। ਉਨ੍ਹਾਂ ਅੰਤਿਮ ਅਰਦਾਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਟਾਣਾ ਪਰਿਵਾਰ ਦੇ ਹੱਕ ਵਿੱਚ ਦਿੱਤਾ ਗਿਆ ਸਿੱਧਾ ਸਿਆਸੀ ਹੁੰਗਾਰਾ ਵੀ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਇਹ ਗੱਲ ਹੋਰ ਮਜ਼ਬੂਤ ਹੋ ਗਈ ਕਿ ਕਾਂਗਰਸ ਪਾਰਟੀ ਜਟਾਣਾ ਪਰਿਵਾਰ ਨੂੰ ਅੱਗੇ ਲਿਆਉਣ ਦੀ ਤਿਆਰੀ ਵਿੱਚ ਹੈ। ਹਾਲਾਂਕਿ ਨਵਪ੍ਰੀਤ ਕੌਰ ਜਟਾਣਾ ਜਾਂ ਜਟਾਣਾ ਪਰਿਵਾਰ ਵੱਲੋਂ ਇਸ ਮਾਮਲੇ ’ਤੇ ਅਜੇ ਤਕ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਪਰਿਵਾਰ ਹਾਲੇ ਵੀ ਦੁੱਖ ਦੀ ਘੜੀ ਵਿੱਚ ਹੈ ਅਤੇ ਕਿਸੇ ਵੀ ਸਿਆਸੀ ਫੈਸਲੇ ਲਈ ਸਮਾਂ ਲੈਣਾ ਚਾਹੁੰਦਾ ਹੈ। ਜੇਕਰ ਨਵਪ੍ਰੀਤ ਕੌਰ ਜਟਾਣਾ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੈਦਾਨ ਵਿੱਚ ਉਤਰਦੇ ਹਨ ਤਾਂ ਤਲਵੰਡੀ ਸਾਬੋ ਹਲਕੇ ਵਿੱਚ ਕਾਫੀ ਦਿਲਚਸਪ ਤੇ ਫੈਸਲਾਕੁਨ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਵੱਲੋਂ ਜਾਰੀ ਕੀਤੇ ਜਾਣ ਵਾਲੇ ਅਗਲੇ ਫੈਸਲੇ ਇਸ ਗੱਲ ਨੂੰ ਹੋਰ ਸਪਸ਼ਟ ਕਰ ਦੇਣਗੇ ਕਿ ਪਾਰਟੀ ਤਲਵੰਡੀ ਸਾਬੋ ਵਿੱਚ ਕਿਹੜੀ ਰਣਨੀਤੀ ਅਪਣਾਉਣ ਜਾ ਰਹੀ ਹੈ। ਫਿਲਹਾਲ ਨਵਪ੍ਰੀਤ ਕੌਰ ਜਟਾਣਾ ਦਾ ਨਾਂ ਸਿਆਸੀ ਗੱਲਬਾਤ ਦਾ ਕੇਂਦਰ ਬਣਿਆ ਹੋਇਆ ਹੈ।