ਸ਼ਾਰਟ ਸਰਕਟ ਕਾਰਨ 4 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ
ਸ਼ਾਰਟ ਸਰਕਟ ਕਾਰਨ 4 ਏਕੜ ਕਣਕ ਦੀ ਫਸਲ ਸੜ ਕੇ ਸੁਆਹ
Publish Date: Wed, 15 Apr 2026 07:42 PM (IST)
Updated Date: Thu, 16 Apr 2026 04:09 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਬਿਜਲੀ ਦੇ ਸ਼ਾਰਟ ਸਰਕਟ ਕਾਰਨ ਪਿੰਡ ਜੋਧਪੁਰ ਰੋਮਾਣਾ ਦੇ ਖੇਤਾਂ ਵਿਚ ਲੱਗੀ ਅੱਗ ਨਾਲ ਇਕ ਕਿਸਾਨ ਦੀ 4 ਏਕੜ ਖੜੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਪਿੰਡ ਦੇ ਕਿਸਾਨ ਸੁਦਾਗਰ ਸਿੰਘ ਪੁੱਤਰ ਗੁਰਨਾਮ ਸਿੰਘ ਵੱਲੋਂ 4 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ, ਜਿਸ ਨੂੰ ਖੇਤ ਵਿੱਚੋ ਲੰਘਦੀ ਬਿਜਲੀ ਲਾਈਨ ਦੀ ਸਪਲਾਈ ’ ਚੋਂ ਹੋਏ ਸ਼ਾਰਟ ਸਰਕਟ ਕਾਰਨ ਦੁਪਹਿਰ ਵੇਲੇ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਲਾਈਨ ਨੂੰ ਖੇਤ ’ਚੋ ਹਟਾਉਣ ਲਈ ਦੱਸਿਆ ਗਿਆ ਸੀ ਕਿ ਇਸ ਲਾਇਨ ਤੋਂ ਕਿਸੇ ਨੂੰ ਵੀ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ ਤੇ ਇਸ ਨੂੰ ਹਟਾਇਆ ਜਾਵੇ ਪ੍ਰੰਤੂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਅੱਜ ਦੁਪਹਿਰ ਸਮੇਂ ਇਸ ਲਾਇਨ ਦੀ ਚਲਦੀ ਸਪਲਾਈ ’ਚੋਂ ਅੱਗ ਦੀ ਚੰਗਿਆੜੀ ਨਾਲ ਕਿਸਾਨ ਦੀ ਖੜੀ 4 ਏਕੜ ਫ਼ਸਲ ਵਿਭਾਗ ਦੀ ਲਾਪ੍ਰਵਾਹੀ ਕਾਰਨ ਸੜ ਕੇ ਸੁਆਹ ਹੋ ਗਈ ਹੈ। ਪਿੰਡ ਦੇ ਲੋਕਾਂ ਵੱਲੋਂ ਇਕੱਠੇ ਹੋਕੇ ਅੱਗ ’ਤੇ ਕਾਬੂ ਪਾਇਆ ਗਿਆ। ਜਿਸ ਨਾਲ ਨੇੜਲੇ ਹੋਰਨਾਂ ਕਿਸਾਨਾਂ ਦੀ ਸੈਂਕੜੇ ਏਕੜ ਖੜੀ ਕਣਕ ਦੀ ਫ਼ਸਲ ਦਾ ਬਚਾਅ ਹੋ ਗਿਆ। ਉਨ੍ਹਾਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨ ਨੂੰ ਉਸ ਦੀ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਬਿਜਲੀ ਵਿਭਾਗ ਦੇ ਅਣਗੇਲੀ ਵਰਤਣ ਵਾਲੇ ਮੁਲਾਜ਼ਮਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੀੜਤ ਪਰਿਵਾਰ ਨੂੰ ਜਲਦੀ ਬਣਦੀ ਮੁਆਵਜਾ ਰਾਸ਼ੀ ਨਾ ਦਿੱਤੀ ਗਈ ਅਤੇ ਜਿੰਮੇਵਾਰ ਮੁਲਾਜ਼ਮਾਂ ’ਤੇ ਕਾਰਵਾਈ ਨਾ ਕੀਤੀ ਤਾਂ ਉਹ ਕਿਸਾਨ ਜਥੇਬੰਦੀਆਂ ਨਾਲ ਮਿਲਕੇ ਸਘੰਰਸ਼ ਕਰਨਗੇ।